Landscape
Canadian Wildlife Federation LogoEnvironment and Climate Change Canada Logo
Français

Factsheet
Print version

Video & Sound
Monarch Butterfly - Punjabi

Related Links
Monarch Butterfly

 
Description  |   Habitat and Habits  |   Range  |   Feeding  |   Breeding  |   Conservation  |   Resources

Description

ਵੇਰਵਾ

ਆਪਣੇ ਗੂੜ੍ਹੇ ਰੰਗਾਂ, ਵੱਡੇ ਆਕਾਰ ਅਤੇ ਹੌਲੀ ਪਰ ਦਮਦਾਰ ਉਡਾਰੀ ਕਾਰਣ ਮੋਨਾਰਕ (Danaus plexippus) ਨੂੰ ਸ਼ਾਇਦ ਉੱਤਰੀ ਅਮਰੀਕਾ ਦੀਆਂ ਤਿਤਲੀਆਂ ਵਿੱਚ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਗੂੜ੍ਹੇ ਸੰਤਰੀ ਖੰਭ, ਜਿਨ੍ਹਾਂ ਦਾ ਫੈਲਾਅ 93 ਤੋਂ 105 ਮਿਲੀਮੀਟਰ ਤਕ ਹੁੰਦਾ ਹੈ, ਦੁਆਲੇ ਕਾਲੇ ਰੰਗ ਦੀ ਮੋਟੀ ਪੱਟੀ ਹੁੰਦੀ ਹੈ ਜਿਸ ਵਿੱਚ ਦੋ ਕਤਾਰਾਂ ਚਿੱਟੇ ਧੱਬਿਆਂ ਦੀਆਂ ਹੁੰਦੀਆਂ ਹਨ। ਨਰ ਮੋਨਾਰਕਾਂ ਦੇ ਪਿਛਲੇ ਖੰਭਾਂ ਉੱਤੇ ਬੇਹੱਦ ਉੱਘੜਵੇਂ ਦੋ ਕਾਲੇ ਧੱਬੇ ਵੀ ਹੁੰਦੇ ਹਨ। ਮਦੀਨ ਮੋਨਾਰਕ ਦੇ ਖੰਭਾਂ ਦੀਆਂ ਨਾੜਾਂ ਉਤਲੀਆਂ ਕਾਲੀਆਂ ਪੱਟੀਆਂ ਵਧੇਰੇ ਚੌੜੀਆਂ ਹੁੰਦੀਆਂ ਹਨ।

ਪਹਿਲੀ ਨਜ਼ਰੇ ਮੋਨਾਰਕ ਨੂੰ ਵੇਖਿਆਂ ਵਾਇਸਰਾਏ (Limenitis archippus) ਦਾ ਭੁਲੇਖਾ ਪੈ ਸਕਦਾ ਹੈ ਜੋ ਵੇਖਣ ਨੂੰ ਇਸ ਜਿਹੀ ਹੀ ਲੱਗਦੀ ਹੈ। ਖੰਭਾਂ ਦਾ ਫੈਲਾਅ 70 ਤੋਂ 75 ਮਿਲੀਮੀਟਰ ਹੋਣ ਕਾਰਣ ਵਾਇਸਰਾਏ ਥੋੜੀ ਜਿਹੀ ਛੋਟੀ ਹੁੰਦੀ ਹੈ। ਵਾਇਸਰਾਏ

Back to topBack to top

Habitat and Habits

ਵਸੇਬਾ ਅਤੇ ਆਦਤਾਂ

ਮੋਨਾਰਕ ਉੱਥੇ ਮੌਜੂਦ ਹੁੰਦੀਆਂ ਹਨ ਜਿੱਥੇ ਮਿਲਕਵੀਡ ਨਸਲ ਦੇ ਪੌਦੇ ਹੋਣ। ਮੋਨਾਰਕ ਦੇ ਲਾਰਵੇ (ਸੁੰਡੀਆਂ) ਜਾਂ ਕੈਟਰਪਿੱਲਰ ਖਾਸ ਕਰ ਕੇ ਮਿਲਕਵੀਡ ਹੀ ਖਾਂਦੇ ਹਨ। ਪੂਰਬੀ ਕੈਨੇਡਾ ਵਿੱਚ ਜਿਸ ਬੂਟੇ ਉੱਤੇ ਮੋਨਾਰਕ ਪਲਦੀਆਂ ਹਨ, ਉਹ ਸਾਧਾਰਨ ਮਿਲਕਵੀਡ (Asclepias syriaca) ਹੈ। ਸਾਧਾਰਨ ਮਿਲਕਵੀਡ ਖੇਤੀ ਵਾਲ਼ੀਆਂ ਵੀਰਾਨ ਜ਼ਮੀਨਾਂ, ਸੜ੍ਹਕਾਂ ਦੇ ਕੰਢਿਆਂ, ਅਤੇ ਖੁੱਲ੍ਹੇ ਇਲਾਕਿਆਂ ਵਿੱਚ ਜਿੱਥੇ ਨਦੀਨਾਂ ਪ੍ਰਫੁੱਲਤ ਹੋਣ, ਵਿੱਚ ਪਸਰਦੀ ਹੈ। ਪੱਛਮੀ ਕੈਨੇਡਾ ਵਿੱਚ ਸੁੰਡੀਆਂ ਦੀ ਮੇਜ਼ਬਾਨੀ ਕਰਨ ਵਾਲਾ ਮੁੱਖ ਬੂਟਾ ਨੁਮਾਇਸ਼ੀ ਮਿਲਕਵੀਡ (Asclepias speciosa) ਹੈ।

ਮੋਨਾਰਕ ਬੜੀ ਦੂਰ ਤਕ ਫੈਲਿਆ ਹੋਇਆ ਅਤੇ ਮਜ਼ਬੂਤ ਉਡਾਰੀ ਮਾਰਨ ਵਾਲਾ ਪ੍ਰਾਣੀ ਹੈ। ਉਹ ਮਿਲਕਵੀਡ ਦੇ ਥੋੜੇ ਜਿਹੇ ਬੂਟਿਆਂ ਵਾਲ਼ੀ ਥਾਂ ਵੀ ਲੱਭ ਲੈਂਦੀਆਂ ਹਨ, ਸਮੇਤ ਸ਼ਹਿਰਾਂ ਵਿਚਲੇ ਬਗੀਚਿਆਂ ਅਤੇ ਜ਼ਿਆਦਾ ਟਰੈਫਿਕ ਵਾਲੀਆਂ ਸੜ੍ਹਕਾਂ ਦੇ ਕਿਨਾਰਿਆਂ ਦੇ। ਮਨੁੱਖੀ ਖਲਲ ਤੋਂ ਬੇਪਰਵਾਹ ਮੋਨਾਰਕ ਉਨ੍ਹਾਂ ਇਲਾਕਿਆਂ ਵਿੱਚ ਮਿਲਕਵੀਡ `ਤੇ ਜਣਨ-ਕਿਰਿਆਵਾਂ ਤਸੱਲੀ ਨਾਲ ਕਰਦੀਆਂ ਹਨ ਭਾਵੇਂ ਨਜ਼ਦੀਕ ਮਨੁੱਖੀ ਸਰਗਰਮੀ ਕਾਫੀ ਜ਼ਿਆਦਾ ਹੋਵੇ। ਬੱਸ ਬੂਟੇ ਤੰਦਰੁਸਤ ਹੋਣੇ ਚਾਹੀਦੇ ਹਨ।

ਮੋਨਾਰਕ ਨੇ ਆਪਣੇ ਆਪ ਨੂੰ ਇੱਕ ਬੇਹੱਦ ਢਲ਼ ਜਾ ਸਕਣ ਵਾਲ਼ੀ ਨਸਲ ਵੀ ਸਾਬਤ ਕੀਤਾ ਹੈ। ਪਿਛਲੇ 150 ਸਾਲਾਂ ਵਿੱਚ ਪੂਰਬੀ ਆਬਾਦੀ ਦੇ ਉੱਤਰੀ ਅਮਰੀਕਾ ਵਿਚਲੇ ਫੈਲਾਅ ਵਿੱਚ ਇੱਕ ਵੱਡੀ ਤਬਦੀਲੀ ਆਈ ਹੈ। ਇੰਝ ਲੱਗਦਾ ਹੈ ਕਿ ਇਹ ਮਿਡਵੈਸਟਰਨ ਪ੍ਰਾਇਰੀ ਜਾਂ ਪੱਧਰੇ ਕੁਦਰਤੀ ਇਲਾਕੇ ਨੂੰ ਖੇਤੀ ਹੇਠਲੇ ਰਕਬੇ ਵਿੱਚ ਲਿਆਂਦੇ ਜਾਣ ਦੇ ਨਤੀਜੇ ਵਜੋਂ ਵਾਪਰਿਆ ਹੈ ਜਿਸ ਦੌਰਾਨ ਮਿਲਕਵੀਡ ਦੀਆਂ 22 ਨਸਲਾਂ ਸਮੇਤ ਪ੍ਰਾਇਰੀ ਦੇ ਬਹੁਤੇ ਕੁਦਰਤੀ ਬਨਸਪਤੀ ਅਤੇ ਜੀਵ ਨਸ਼ਟ ਹੋ ਗਏ ਸਨ। ਨਾਲ ਹੀ ਉੱਤਰੀ ਅਮਰੀਕਾ ਦੇ ਪੂਰਬੀ ਪਾਸੇ ਦੇ ਪੱਤ ਝੜ ਜਾਣ ਵਾਲ਼ੇ ਜੰਗਲਾਤ ਦੇ ਅਨੇਕਾਂ ਇਲਾਕਿਆਂ ਨੂੰ ਖੇਤੀਬਾੜੀ ਲਈ ਸੰਵਾਰਿਆ ਗਿਆ ਸੀ ਜਿਸ ਨਾਲ ਸਾਫ਼ ਕੀਤੇ ਇਲਾਕਿਆਂ ਵਿੱਚ ਸਾਧਾਰਨ ਮਿਲਕਵੀਡ ਬੜੀ ਛੇਤੀ ਫੈਲੀ। ਪੂਰਬੀ ਪੱਤ ਝੜ ਜਾਣ ਵਾਲ਼ੇ ਜੰਗਲਾਤ ਦੇ ਸਾਫ਼ ਕੀਤੇ ਇਲਾਕੇ ਹੀ ਮੋਨਾਰਕ ਦੀਆਂ ਪੂਰਬੀ ਆਬਾਦੀਆ ਦੀਆਂ ਮੁੱਖ ਜਣਨ ਭੂਮੀਆਂ ਹਨ।

ਪਰਵਾਸ ਦੌਰਾਨ ਮੋਨਾਰਕ ਨਿੱਘੀ ਹਵਾ ਦੀਆਂ ਉੱਪਰ ਉੱਠਦੀਆਂ ਪਰਤਾਂ ਦੇ ਸਹਾਰੇ ਉੱਚਾ ਚੜ੍ਹਕੇ ਊਰਜਾ ਬਚਾਉਂਦੀਆਂ ਹਨ ਜਿਸ ਨਾਲ ਚਿਰ ਤਕ ਉਨ੍ਹਾਂ ਨੂੰ ਖੰਭ ਨਹੀਂ ਮਾਰਨੇ ਪੈਂਦੇ। ਉਹ ਅਕਸਰ ਬੁਲੰਦ ਉਚਾਈਆਂ `ਤੇ ਪਹੁੰਚ ਜਾਂਦੀਆਂ ਹਨ ਜਿੱਥੇ ਤੇਜ਼ ਹਵਾਵਾਂ ਉਨ੍ਹਾਂ ਦੀ ਪਰਵਾਜ਼ ਨੂੰ ਰਫ਼ਤਾਰ ਬਖਸ਼ਦੀਆਂ ਹਨ। ਗਲਾਈਡਰ ਜਹਾਜ਼ ਚਾਲਕਾਂ ਨੇ ਪਰਵਾਸ ਕਰਦੀਆਂ ਮੋਨਾਰਕਾਂ ਨੂੰ ਜ਼ਮੀਨ ਤੋਂ ਇੱਕ ਕਿਲੋਮੀਟਰ ਦੀ ਉਚਾਈ ਤਕ ਉਡਦਿਆਂ ਵੇਖਿਆ ਹੈ।

ਪਤਝੜ ਦੀ ਰੁੱਤ ਵਿੱਚ ਮੋਨਾਰਕ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਕੈਨੇਡਾ ਤੋਂ ਮੈਕਸੀਕੋ ਚਲੀਆਂ ਜਾਂਦੀਆਂ ਹਨ। ਕੈਨੇਡਾ ਵਿੱਚ ਇਨ੍ਹਾਂ ਨੂੰ ਦੱਖਣੀ ਓਨਟੇਰੀਓ ਵਿੱਚ ਵੇਖਿਆ ਜਾ ਸਕਦਾ ਹੈ, ਖਾਸ ਕਰ ਕੇ ਪੁਆਇੰਟ ਪੀਲੀ ਨੈਸ਼ਨਲ ਪਾਰਕ, ਲੇਕ ਐਰੀ ਦੇ ਕੰਢਿਆਂ ਅਤੇ ਲੇਕ ਓਨਟੇਰੀਓ ਵਿਖੇ ਪ੍ਰੈਸਕੁਇੱਲ ਪ੍ਰੋਵਿੰਸ਼ਿਅਲ ਪਾਰਕ ਵਰਗੀਆਂ ਥਾਵਾਂ `ਤੇ, ਜਿੱਥੇ ਉਹ ਝੀਲਾਂ ਪਾਰ ਕਰਨ ਤੋਂ ਪਹਿਲਾਂ ਝੁੰਡਾਂ ਵਿੱਚ ਦਰਖਤਾਂ ਉੱਤੇ ਰਾਤ ਨੂੰ ਆਰਾਮ ਕਰਦੀਆਂ ਹਨ। ਇਹ ਝੁੰਡ ਸਰਦੀਆਂ ਤੋਂ ਬਚਣ ਲਈ ਇਨ੍ਹਾਂ ਦੀਆਂ ਬਣਾਈਆਂ ਸੰਘਣੀਆਂ ਬਸਤੀਆਂ ਦਾ ਇੱਕ ਛੋਟਾ ਰੂਪ ਹੀ ਹੁੰਦੇ ਹਨ। ਇਨ੍ਹਾਂ ਰਾਤ ਭਰ ਦੇ ਝੁੰਡਾਂ ਵਿੱਚ ਕੁੱਝ ਸੌ ਤੋਂ ਲੈ ਕੇ ਕਈ ਹਜ਼ਾਰ ਤਕ ਜੀਅ ਹੋ ਸਕਦੇ ਹਨ। ਮੋਨਾਰਕ ਆਮ ਤੌਰ `ਤੇ ਸਾਲ-ਦਰ-ਸਾਲ ਬੱਧੀ ਉਸੇ ਹੀ ਇਲਾਕੇ ਵਿੱਚ ਇਹ ਝੁੰਡ ਬਣਾਉਂਦੀਆਂ ਹਨ।

ਪਤਝੜ ਵਿੱਚ ਦੱਖਣ ਵੱਲ ਨੂੰ ਪਰਵਾਸ ਕਰ ਰਹੀਆਂ ਮੋਨਾਰਕ ਲੇਕ ਓਨਟੇਰੀਓ ਅਤੇ ਲੇਕ ਐਰੀ ਦੇ ਉੱਤਰੀ ਕੰਢਿਆਂ ਉੱਤੇ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ। ਪਾਣੀ ਦੇ ਵੱਡੇ ਫੈਲਾਅ ਉੱਪਰੋਂ ਉੱਡਣ ਦੀ ਜ਼ਾਹਰ ਝਿਜਕ ਹੀ ਸ਼ਾਇਦ ਵਜ੍ਹਾ ਹੈ ਕਿ ਇਹ ਦੱਖਣੀ-ਪੱਛਮੀ ਦਿਸ਼ਾ ਵਿੱਚ ਕੰਢੇ ਦੇ ਨਾਲ-ਨਾਲ ਉੱਡਦੀਆਂ ਹਨ। ਨਤੀਜਾ ਇਹ ਹੁੰਦਾ ਹੈ ਕਿ ਜਿੱਥੇ ਵੀ ਕਿਤੇ ਝੀਲਾਂ ਵਿੱਚੋਂ ਦੀ ਜ਼ਮੀਨ ਦੀ ਨੋਕ ਜਾਂ ਪ੍ਰਾਯਦੀਪ ਬਣਦਾ ਹੈ, ਉੱਥੇ ਇਨ੍ਹਾਂ ਦੀ ਵੱਡੀ ਗਿਣਤੀ ਇਕੱਠੀ ਹੋ ਜਾਂਦੀ ਹੈ ਜਿੱਥੋਂ ਫਿਰ ਇਹ ਖੁੱਲ੍ਹੇ ਪਾਣੀਆਂ ਉੱਤੋਂ ਦੀ ਦੱਖਣ ਵੱਲ ਨੂੰ ਚੱਲ ਪੈਂਦੀਆਂ ਹਨ।

ਵਿਲੱਖਣ ਸੁਭਾਅ

ਉੱਤਰੀ ਅਮਰੀਕਾ ਦੀਆਂ ਤਿਤਲੀਆਂ ਵਿੱਚ ਮੋਨਾਰਕ ਇਸ ਪੱਖੋਂ ਵਿਲੱਖਣ ਹੈ ਕਿ ਇੱਹ ਵੱਡੀ ਗਿਣਤੀ ਵਿੱਚ ਮਹਾਂਦੀਪ ਦੇ ਇੱਕ ਹਿੱਸੇ ਤੋਂ ਦੂਜੇ ਸਿਰੇ ਤਕ ਸਾਲਾਨਾ ਦੁਵੱਲਾ ਪਰਵਾਸ ਕਰਦੀ ਹੈ। ਦੁਨੀਆਂ ਦੀਆਂ ਕਰੋੜਾਂ ਨਸਲਾਂ ਵਿੱਚੋਂ ਸ਼ਾਇਦ ਕੋਈ ਵੀ ਹੋਰ ਕੀਟ ਅਜਿਹਾ ਪਰਵਾਸ ਨਹੀਂ ਕਰਦਾ। ਵਿਗਿਆਨਕ ਹਾਲੇ ਤਕ ਪਤਾ ਨਹੀਂ ਲਗਾ ਸਕੇ ਕਿ ਵਿਅਕਤੀਗਤ ਮੋਨਾਰਕਾਂ ਕਿਵੇਂ ਸਾਲ ਦਰ ਸਾਲ ਉਨ੍ਹਾਂ ਇਲਾਕਿਆਂ ਵਿੱਚ ਸਰਦੀਆਂ ਕੱਟਣ ਅਤੇ ਜਣਨ ਕਿਰਿਆ ਅੰਜਾਮ ਦੇਣ ਲਈ ਜਾ ਸਕਦੀਆਂ ਹਨ ਜਿਹੜੇ ਉਨ੍ਹਾਂ ਨੇ ਕਦੀ ਵੇਖੇ ਹੀ ਨਹੀਂ। ਕਈ ਕਰੋੜ ਮੋਨਾਰਕ ਤਿਤਲੀਆਂ ਦਾ ਮੈਕਸੀਕੋ ਦੀਆਂ ਪਹਾੜੀ ਢਲ਼ਾਣਾਂ ਨੂੰ ਢਕ ਲੈਣਾ ਬੇਨਜ਼ੀਰ ਕੁਦਰਤੀ ਖੂਬਸੂਰਤੀ ਦਾ ਇੱਕ ਸ਼ਾਨਦਾਰ ਨਜ਼ਾਰਾ ਅਤੇ ਇੱਕ ਅਜਿਹੀ ਘਟਨਾ ਹੈ ਜੋ ਦੁਨੀਆਂ ਵਿੱਚ ਹੋਰ ਕਿਧਰੇ ਵੀ ਮੌਜੂਦ ਨਹੀਂ ਹੈ।

ਬਹੁਤੀਆਂ ਤਿਤਲੀਆਂ ਦੇ ਲਾਰਵਿਆਂ ਜਾਂ ਸੁੰਡੀਆਂ, ਜੋ ਆਪਣੇ ਆਲੇ-ਦੁਆਲੇ ਵਿੱਚ ਰਚ-ਮਿਚ ਜਾਣ ਵਾਲ਼ੇ ਰੰਗਾਂ ਵਾਲ਼ੀਆਂ ਹੁੰਦੀਆਂ ਹਨ, ਦੇ ਉਲਟ ਮੋਨਾਰਕ ਦੇ ਲਾਰਵੇ ਬੜੇ ਗੂੜ੍ਹੇ ਰੰਗਾਂ ਦੇ ਹੁੰਦੇ ਹਨ। ਇਨ੍ਹਾਂ ਦੀ ਸਪਸ਼ਟ ਦਿੱਖ ਤੋਂ ਇਨ੍ਹਾਂ ਦੇ ਸੰਭਾਵਿਤ ਸ਼ਿਕਾਰੀਆਂ ਨੂੰ ਚਿਤਾਵਨੀ ਮਿਲਦੀ ਹੈ ਕਿ ਮੋਨਾਰਕ ਜ਼ਹਿਰੀਲੀਆਂ ਹੁੰਦੀਆਂ ਹਨ। ਉਹ ਇਸ ਲਈ ਹੈ ਕਿਉਂਕਿ ਉਹ ਜਿਨ੍ਹਾਂ ਮਿਲਕਵੀਡ ਬੂਟਿਆਂ `ਤੇ ਇਹ ਅੰਡਿਆਂ `ਚੋਂ ਬਾਹਰ ਆਉਂਦੀਆਂ ਹਨ, ਇਹ ਉਨ੍ਹਾਂ ਬੂਟਿਆਂ ਦੇ ਜ਼ਹਿਰੀਲੇ ਰਸ ਪੀ ਲੈਂਦੀਆਂ ਹਨ। ਕੋਈ ਜਾਨਵਰ ਜੇ ਇੰਨ੍ਹਾ ਕੁ ਸਿਆਣਾ ਨਾ ਹੋਵੇ ਕਿ ਉਹ ਮੋਨਾਰਕ ਬਾਲਗ਼ ਜਾਂ ਸੁੰਡੀ ਨੂੰ ਖਾ ਲਵੇ, ਤਾਂ ਸੰਭਾਵਨਾ ਹੈ ਕਿ ਬਿਮਾਰ ਹੋ ਜਾਵੇਗਾ ਅਤੇ ਉਸ ਨੂੰ ਤੇਜ਼ ਉਲਟੀਆਂ ਲੱਗਣਗੀਆਂ।

Back to topBack to top

Range

ਜ਼ੱਦ

ਸੈਂਟਰਲ ਅਮਰੀਕਾ ਤੋਂ ਲੈ ਕੇ ਦੱਖਣੀ ਕੈਨੇਡਾ ਤਕ ਅਤੇ ਐਟਲਾਂਟਿਕ ਤੋਂ ਲੈਕੇ ਪੈਸੀਫਿਕ ਜਾਂ ਪ੍ਰਸ਼ਾਂਤ ਤਟਾਂ ਤਕ ਮੋਨਾਰਕ ਉੱਤਰੀ ਅਮਰੀਕਾ ਵਿੱਚ ਵਿਆਪਕ ਤੌਰ `ਤੇ ਫੈਲੀ ਹੋਈ ਹੈ। ਕੈਨੇਡਾ ਦੇ ਵਿੱਚ-ਵਿੱਚ ਮੋਨਾਰਕ ਸਾਰੇ 10 ਸੂਬਿਆਂ ਅਤੇ ਨੌਰਥਵੈਸਟ ਟੈਰੀਟੋਰੀਜ਼ ਵਿੱਚ ਦਰਜ ਕੀਤੀ ਗਈ ਹੈ।

ਤਿੰਨ ਸਪਸ਼ਟ ਭੂਗੋਲਿਕ ਆਬਾਦੀਆਂ - ਪੂਰਬੀ, ਪੱਛਮੀ ਅਤੇ ਸੈਂਟਰਲ ਅਮਰੀਕਨ - ਤੋਂ ਇਸ ਨਸਲ ਦੀ ਉੱਤਰੀ ਅਮਰੀਕਾ ਦੀ ਕੁੱਲ ਆਬਾਦੀ ਬਣਦੀ ਹੈ। ਇਨ੍ਹਾਂ ਵਿੱਚੋਂ ਹਰ ਆਬਾਦੀ ਦੀ ਪਰਵਾਸ ਕਰਨ ਦੀ ਆਪਣੀ ਖਾਸ ਤਰਤੀਬ ਹੈ।

ਤਿੰਨਾਂ ਵਿੱਚੋਂ ਪੂਰਬੀ ਆਬਾਦੀ ਸਭ ਤੋਂ ਵੱਡੀ ਹੈ ਅਤੇ ਇਸ ਵਿੱਚ ਅਮਰੀਕਾ ਅਤੇ ਕੈਨੇਡਾ ਵਿੱਚ ਰੌਕੀ ਪਰਬਤਮਾਲਾ ਦੇ ਪੂਰਬ ਵੱਲ ਦੀਆਂ ਸਭ ਮੋਨਾਰਕ ਆਉਂਦੀਆਂ ਹਨ। ਨਸਲ ਦੇ ਕੈਨੇਡਾ ਵਿੱਚ ਆਉਂਦੇ ਹਿੱਸੇ ਦਾ 90 ਫੀ ਸਦੀ ਪੂਰਬੀ ਆਬਾਦੀ ਹੀ ਹੈ। ਪੂਰਬੀ ਆਬਾਦੀ ਦੀ ਸਾਲਾਨਾ ਜਣਨ ਕਿਰਿਆ ਦੀ ਮੌਜੂਦਾ ਜ਼ੱਦ ਗਲਫ ਕੋਸਟ ਤੋਂ ਉੱਤਰ ਵੱਲ ਨੂੰ ਦੱਖਣੀ ਕੈਨੇਡਾ ਤਕ, ਅਤੇ ਗ੍ਰੇਟ ਪਲੇਨਜ਼ ਸੂਬਿਆਂ ਅਤੇ ਪ੍ਰਾਇਰੀ ਸੂਬਿਆਂ ਤੋਂ ਪੂਰਬ ਵੱਲ ਨੂੰ ਅਮਰੀਕਾ ਅਤੇ ਮੈਰੀਟਾਈਮ ਸੂਬਿਆਂ ਦੇ ਐਟਲਾਂਟਿਕ ਤਟ ਤਕ ਫੈਲੀ ਹੋਈ ਹੈ।

ਸਮੁੱਚੀ ਪੂਰਬੀ ਆਬਾਦੀ ਸਰਦੀਆਂ ਕੱਟਣ ਲਈ ਕੇਂਦਰੀ ਮੈਕਸੀਕੋ ਵਿੱਚ ਲਗਭਗ 12 ਮੁਕਾਮਾਂ `ਤੇ ਪਰਵਾਸ ਕਰ ਜਾਂਦੀ ਹੈ ਜਿੱਥੇ ਤਿਤਲੀਆਂ ਵੱਡੀ ਗਿਣਤੀ ਵਿੱਚ ਇੱਕਠੀਆਂ ਹੁੰਦੀਆਂ ਹਨ। ਇਹ ਮੁਕਾਮ, ਜਿਹੜੇ ਕਿ ਉੱਚਾਈਆਂ `ਤੇ ਸਥਿਤ ਖਾਸ ਪਰਿਆਵਰਨਕ ਨਿਜ਼ਾਮ ਹਨ, ਸਾਰੇ ਹੀ ਤਕਰੀਬਨ 800 ਵਰਗ ਕਿਲੋਮੀਟਰ ਦੇ ਛੋਟੇ ਜਿਹੇ ਦਾਇਰੇ ਵਿੱਚ ਸਥਿਤ ਹਨ ਅਤੇ ਸਿਰਫ਼ ਓਇਆਮੇਲ ਦੇ ਕੇਲੋਂ ਦੀ ਲੱਕੜ ਵਾਲ਼ੇ ਜੰਗਲਾਤ ਵਿੱਚ ਹੀ ਹੁੰਦੇ ਹਨ।

ਪਰਵਾਸ ਕਰਨ ਵਾਲ਼ੀਆ ਮੋਨਾਰਕ ਸਰਦੀਆਂ ਕੱਟਣ ਦੇ ਟਿਕਾਣਿਆਂ `ਤੇ ਨਵੰਬਰ ਤੋਂ ਲੈ ਕੇ ਦਸੰਬਰ ਦੇ ਅਖ਼ੀਰ ਤਕ ਪਹੁੰਚ ਜਾਂਦੀਆਂ ਹਨ। ਉਹ ਕਰੋੜਾਂ ਦੀ ਗਿਣਤੀ ਵਿੱਚ ਝੁੰਡ ਬਣਾ ਕੇ ਸਰਦੀਆਂ ਦੇ ਮਹੀਨਿਆਂ ਦੌਰਾਨ ਨਿੱਸਲ ਪਈਆਂ ਰਹਿੰਦੀਆਂ ਹਨ। ਜਦੋਂ ਮਾਰਚ ਅਤੇ ਅਪਰੈਲ ਦੇ ਆਰੰਭ ਵਿੱਚ ਇਹ ਬਸਤੀਆਂ ਟੁੱਟਦੀਆਂ ਹਨ, ਤਿਤਲੀਆਂ ਉੱਤਰ ਵੱਲ਼ ਨੂੰ ਅਮਰੀਕਾ ਦੇ ਗਲਫ ਕੋਸਟ ਨੂੰ ਪਰਵਾਸ ਕਰ ਜਾਂਦੀਆਂ ਹਨ ਜਿੱਥੇ ਮਦੀਨਾਂ ਮਿਲਕਵੀਡ ਉੱਤੇ ਆਪਣੇ ਆਂਡੇ ਦੇ ਦਿੰਦੀਆਂ ਹਨ। ਬਸੰਤ ਰੁੱਤ ਵਿੱਚ ਮੋਨਾਰਕ ਦੀਆਂ ਦੋ ਜਾਂ ਤਿੰਨ ਪੀੜ੍ਹੀਆਂ ਜਾਂ "ਬਰੂਡ" ਇੱਥੇ ਪੈਦਾ ਹੁੰਦੇ ਹਨ ਅਤੇ ਸਰਦੀਆਂ ਕੱਟਣ ਆਈ ਪੀੜ੍ਹੀ ਦੇ ਇਹੋ ਹੀ ਬੱਚੇ ਹਨ ਜਿਹੜੇ ਅੱਗੋਂ ਉੱਤਰੀ ਜਣਨ ਇਲਾਕੇ ਵੱਲ ਨੂੰ ਪਰਵਾਸ ਜਾਰੀ ਰੱਖਦੇ ਹਨ। ਇਹ ਕਦਮ-ਦਰ-ਕਦਮ ਪਰਵਾਸ ਜ਼ਰੂਰੀ ਹੈ ਕਿਉਂਕਿ ਜੂਨ ਵਿੱਚ ਗਲਫ ਕੋਸਟ ਇਲਾਕੇ ਵਿੱਚ ਮਿਲਕਵੀਡ ਦੇ ਪੌਦੇ ਸੁੱਕ ਜਾਂਦੇ ਹਨ। ਉੱਤਰ ਵੱਲ ਨੂੰ ਜਾਂਦੇ ਰਹਿਣ ਨਾਲ ਮੋਨਾਰਕ ਕੇਂਦਰੀ ਅਤੇ ਉੱਤਰ-ਪੂਰਬੀ ਉੱਤਰੀ ਅਮਰੀਕਾ ਦੇ ਮਿਲਕਵੀਡ ਸਾਧਨਾਂ ਦੀ ਵਰਤੋਂ ਕਰ ਸਕਦੀਆਂ ਹਨ ਜਿਸ ਨਾਲ ਇਹ ਨਸਲ ਗਰਮੀਆਂ ਦੀਆਂ ਤਿੰਨ ਵਧੀਕ ਪੀੜ੍ਹੀਆਂ ਪੈਦਾ ਕਰ ਸਕਦੀ ਹੈ। ਸਰਦੀਆਂ ਕੱਟਣ ਵਾਲ਼ੇ ਮੁਕਾਮਾਂ `ਤੇ ਆਬਾਦੀ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਇਹ ਪੀੜ੍ਹੀਆਂ ਅਹਿਮ ਹਨ।

ਪੂਰਬੀ ਮੋਨਾਰਕ ਬਹੁਤੇ ਸਾਲ ਕੈਨੇਡਾ ਪਹੁੰਚ ਜਾਂਦੀਆਂ ਹਨ ਭਾਵੇਂ ਮੈਕਸੀਕੋ ਵਿੱਚ ਸਰਦੀਆਂ ਕੱਟਣ ਦੀ ਕਾਮਯਾਬੀ `ਤੇ, ਅਤੇ ਬਸੰਤ ਰੁੱਤ ਦੇ ਪਰਵਾਸ ਦੌਰਾਨ ਗਲਫ ਕੋਸਟ ਵਿੱਚ ਬਸੰਤ ਦੌਰਾਨ ਪੈਦਾ ਹੋਈਆਂ ਪੀੜ੍ਹੀਆਂ ਦੇ ਆਕਾਰ `ਤੇ ਨਿਰਭਰ ਕਰਦਿਆਂ ਇੱਕ ਤੋਂ ਦੂਜੇ ਸਾਲ ਤਕ ਇਨ੍ਹਾਂ ਦੀ ਗਿਣਤੀ ਵਿੱਚ ਵੱਡਾ ਫ਼ਰਕ ਆ ਸਕਦਾ ਹੈ। ਪਹਿਲਾਂ ਵਾਪਸ ਆਉਣ ਵਾਲ਼ੇ ਪਰਵਾਸੀ ਪ੍ਰਾਣੀ ਮਈ ਦੇ ਅਖ਼ੀਰ ਅਤੇ ਜੂਨ ਦੇ ਪਹਿਲੇ ਹਫ਼ਤੇ ਦੇ ਨੇੜੇ ਕੈਨੇਡਾ ਪਹੁੰਚ ਸਕਦੇ ਹਨ।

Back to topBack to top

Feeding

ਆਹਾਰ

ਬਾਲਗ਼ ਮੋਨਾਰਕ ਅਨੇਕਾਂ ਫੁੱਲਾਂ ਦੇ ਰਸ ਨੂੰ ਆਹਾਰ ਬਣਾਉਂਦੀਆਂ ਹ ਪਰ ਉਹ ਜਣਨ-ਕਿਰਿਆ ਵਿੱਚ ਉੱਥੇ ਹੀ ਹਿੱਸਾ ਲੈਂਦੀਆਂ ਹਨ ਜਿੱਥੇ ਮਿਲਕਵੀਡ ਉੱਗੇ। ਆਂਡਿਆਂ ਵਿੱਚੋਂ ਨਿੱਕਲਣ ਵਾਲ਼ੇ ਲਾਰਵਿਆਂ ਜਾਂ ਸੁੰਡੀਆਂ ਦਾ ਇੱਕੋ-ਇੱਕ ਭੋਜਨ ਮਿਲਕਵੀਡ ਦੇ ਪੱਤੇ ਹੀ ਹੁੰਦੇ ਹਨ।

Back to topBack to top

Breeding

ਜਣਨ ਕਿਰਿਆ

ਬਾਕੀ ਸਾਰੀਆਂ ਤਿਤਲੀਆਂ ਅਤੇ ਪਤੰਗਿਆ ਵਾਂਗ ਮੋਨਾਰਕ ਦਾ ਵੀ ਚਾਰ ਪੜਾਵਾਂ ਵਾਲ਼ਾ ਆਪਣਾ ਜੀਵਨ ਚੱਕਰ ਹੁੰਦਾ ਹੈ: ਅੰਡਾ, ਲਾਰਵਾ (ਜਾਂ ਸੁੰਡੀ), ਪਿਊਪਾ ਅਤੇ ਬਾਲਗ਼। ਰੂਪ ਵਿੱਚ ਇਨ੍ਹਾਂ ਤਬਦੀਲੀਆਂ ਨੂੰ metamorphosis (ਮੈਟਾਮੋਰਫੋਸਿਸ) ਵੀ ਕਿਹਾ ਜਾਂਦਾ ਹੈ।

ਬਾਲਗ਼ ਤਿਤਲੀਆਂ ਸਾਰਾ ਦਿਨ ਸਰੀਰਕ ਮੇਲ ਕਰਦੀਆਂ ਰਹਿੰਦੀਆਂ ਹਨ ਪਰ ਜ਼ਿਆਦਾ ਭੋਗ ਅੱਧ-ਦੁਪਹਿਰ ਤੋਂ ਲੈ ਕੇ ਬਾਅਦ-ਦੁਪਹਿਰ ਤਕ ਹੁੰਦਾ ਹੈ। ਮਦੀਨਾਂ ਫਲਯੋਗ ਅੰਡਿਆਂ ਨੂੰ ਮਿਲਕਵੀਡ ਦੇ ਪੱਤੇ ਦੇ ਥੱਲੜੇ ਪਾਸੇ ਦਿੰਦੀਆਂ ਹਨ। ਮਿਲਕਵੀਡ ਦੀ ਸ਼ਨਾਖਤ ਲਈ ਉਹ ਪੱਤੇ ਦੀ ਸਤਹ ਨੂੰ ਆਪਣੀਆਂ ਮੂਹਰਲੀਆਂ ਲੱਤਾਂ ਨਾਲ ਕੁਰੇਦਦੀਆਂ ਹਨ ਅਤੇ ਪੈਦੇ ਵਿਚਲੇ ਰਸਾਂ ਨੂੰ ਆਪਣੀਆਂ ਟੋਹ-ਸਿੰਗੀਆਂ ਨਾਲ "ਸੁੰਘਦੀਆਂ" ਹਨ। ਇੱਕ ਇਕੱਲੀ ਮਦੀਨ 400 ਤਕ ਅੰਡੇ ਦੇ ਸਕਦੀ ਹੈ। ਅੰਡੇ ਇੱਕ ਪੱਤੇ ਉੱਤੇ ਇੱਕ ਦੇ ਹਿਸਾਬ ਦਿੱਤੇ ਜਾਂਦੇ ਹਨ, ਅਕਸਰ ਉਸੇ ਬੂਟੇ ਦੇ ਵੱਖੋ-ਵੱਖ ਪੱਤਿਆਂ ਉੱਤੇ ਜਾਂ ਨਾਲ-ਨਾਲ ਉੱਗੇ ਬੂਟਿਆਂ ਉੱਤੇ। ਨਤੀਜੇ ਵਜੋਂ ਮਿਲਕਵੀਡ ਦੇ ਵੱਡੇ ਬੂਝਿਆਂ ਵਿੱਚ ਸੁੰਡੀਆਂ ਦੇ ਸੰਘਣੇ ਝੁੰਡ ਪੈਦਾ ਹੋ ਸਕਦੇ ਹਨ।

Catepillar

ਤਾਪਮਾਨ `ਤੇ ਨਿਰਭਰ ਕਰਦਿਆਂ ਅੰਡਿਆਂ ਵਿੱਚੋਂ ਤਿੰਨ ਤੋਂ 12 ਦਿਨਾਂ ਵਿੱਚ ਬੱਚੇ ਨਿੱਕਲ ਆਉਂਦੇ ਹਨ। ਸੁੰਡੀਆਂ ਲਗਭਗ ਦੋ ਹਫ਼ਤਿਆਂ ਲਈ ਪੱਤੇ ਖਾਂਦੀਆਂ ਹਨ, ਜਿਸ ਨਾਲ ਉਹ ਸਪਸ਼ਟ ਕਾਲੇ, ਪੀਲੇ ਅਤੇ ਚਿੱਟੀਆਂ ਧਾਰੀਆਂ ਵਾਲ਼ੇ ਫੁੱਲਵੇਂ ਕੈਟਰਪਿੱਲਰ ਬਣ ਜਾਂਦੇ ਹਨ। ਤਕਰੀਬਨ 5 ਸੈਂਟੀਮੀਟਰ ਦੀ ਲੰਬਾਈ ਤਕ ਵਧਣ ਦੌਰਾਨ ਕੈਟਰਪਿੱਲਰ ਚਾਰ ਵਾਰੀ ਤਕ ਆਪਣੀ ਕੁੰਜ ਲਾਹੁੰਦੇ ਹਨ। ਤੀਜੇ ਪੜਾਅ ਦੀ ਤਿਆਰੀ ਲਈ ਕੈਟਰਪਿੱਲਰ ਸਿਰ ਜ਼ਮੀਨ ਵੱਲ ਕਰ ਕੇ ਕਿਸੇ ਮੁਨਾਸਬ ਛਿਟੀ ਨਾਲ ਪੁੱਠਾ ਚੁੰਬੜ ਜਾਂਦਾ ਹੈ। ਹੁਣ ਇਹ ਆਖ਼ਰੀ ਵਾਰੀ ਆਪਣੀ ਕੁੰਜ ਲਾਹੁਦਾ ਹੈ ਅਤੇ ਆਪਣੇ ਦੁਆਲ਼ੇ ਇੱਕ ਸਖਤ ਖੋਲ ਬਣਾ ਲੈਂਦਾ ਹੈ। ਪਿਊਪਾ ਜਾਂ ਕ੍ਰਿਸੈਲਿਸ ਬਣਨ ਦੇ ਇਸ ਰੂਪਾਂਤਰ ਲਈ ਇਸ ਨੂੰ ਕੁੱਝ ਘੰਟੇ ਲੱਗਦੇ ਹਨ।

ਪੂਰਾ ਬਣਿਆ ਪਿਊਪਾ ਚਮਕਦਾਰ ਨੀਲੇ-ਹਰੇ ਰੰਗ ਦੇ ਫੁੱਲਦਾਨ ਵਰਗਾ ਹੁੰਦਾ ਹੈ ਜਿਸ ਵਿੱਚ ਸੁਨਹਿਰੀ ਪੱਟੀਆਂ ਜੜ੍ਹੀਆਂ ਹੋਣ। ਅੰਦਰ ਚੰਗੀ ਤਰ੍ਹਾਂ ਕਸ ਕੇ ਸਮਾਇਆ ਹੋਇਆ ਕੈਟਰਪਿੱਲਰ ਇੱਕ ਚਮਤਕਾਰੀ ਤਬਦੀਲੀ ਵਿੱਚੋਂ ਲੰਘਦਾ ਹੈ ਜਿਸ ਰਾਹੀਂ ਦੋ ਹਫਤਿਆਂ ਬਾਅਦ ਇਹ ਇੱਕ ਖੂਬਸੂਰਤ ਤਿਤਲੀ ਬਣ ਕੇ ਪ੍ਰਗਟ ਹੁੰਦਾ ਹੈ। ਬਾਲਗ਼ ਦੇ ਪ੍ਰਗਟ ਹੋਣ ਤੋਂ ਕੁੱਝ ਘੰਟੇ ਪਹਿਲਾਂ ਪਿਊਪਾ ਬਿਲਕੁਲ ਪਾਰਦਰਸ਼ੀ ਹੋ ਜਾਂਦਾ ਹੈ ਜਿਸ ਨਾਲ ਅੰਦਰ ਬੈਠੀ ਤਿਤਲੀ ਨਜ਼ਰ ਆਉਣ ਲੱਗਦੀ ਹੈ। ਜਦੋਂ ਤਿਤਲੀ ਪ੍ਰਗਟ ਹੁੰਦੀ ਹੈ ਤਾਂ ਇਸਦੇ ਖੰਭ ਛੋਟੇ, ਮੋਟੇ ਅਤੇ ਚਮੜੇ ਦੀ ਬਣਤਰ ਵਾਲ਼ੇ ਹੁੰਦੇ ਹਨ ਅਤੇ ਇਸ ਦਾ ਜਿਸਮ ਤਰਲ ਨਾਲ ਭਰਿਆ ਹੁੰਦਾ ਹੈ ਜਿਸ ਨੂੰ ਘੁੱਟ-ਘੁੱਟ ਕੇ ਇਹ ਆਪਣੇ ਖੰਭਾਂ ਵਿੱਚ ਭੇਜਦਾ ਰਹਿੰਦਾ ਹੈ। ਬਿਲਕੁਲ ਜਿਵੇਂ ਗੁਬਾਰੇ ਵਿੱਚ ਹਵਾ ਭਰੀਦੀ ਹੈ, ਉਸੇ ਤਰ੍ਹਾਂ ਇਸ ਨਾਲ ਖੰਭ ਵੀ ਭਰਦੇ ਰਹਿੰਦੇ ਹਨ। ਜਦੋਂ ਖੰਭ ਸੁੱਕ ਜਾਂਦੇ ਹਨ, ਉਨ੍ਹਾਂ ਵਿੱਚ ਉਦੋਂ ਤਕ ਅਕੜੇਵਾਂ ਆਉਂਦਾ ਰਹਿੰਦਾ ਹੈ ਜਦੋਂ ਤਕ ਤਿਤਲੀ ਆਪਣੀ ਪਹਿਲੀ ਉਡਾਣ ਲਈ ਤਿਆਰ ਨਹੀਂ ਹੋ ਜਾਂਦੀ।

ਦੱਖਣੀ ਕੈਨੇਡਾ ਵਿੱਚ ਪੂਰਬੀ ਮੋਨਾਰਕ ਦੋ ਤੋਂ ਤਿੰਨ ਪੀੜ੍ਹੀਆਂ, ਜਾਂ "ਬਰੂਡ", ਹਰ ਸਾਲ ਜੂਨ ਤੋਂ ਸਤੰਬਰ ਤਕ ਦੇ ਦਿੰਦੀਆਂ ਹਨ। ਦਿਨ ਦੀ ਲੰਬਾਈ, ਤਾਪਮਾਨ, ਅਤੇ ਭੋਜਨ ਦੀ ਉਪਲਬਧਗੀ ਅਤੇ ਭੋਜਨ ਬਣਨ ਵਾਲ਼ੇ ਬੂਟੇ ਦੇ ਮਿਆਰ `ਤੇ ਨਿਰਭਰ ਕਰਦਿਆਂ ਅੰਡੇ ਤੋਂ ਬਾਲਗ਼ ਤਿਤਲੀ ਬਣਨ ਨੂੰ 20 ਤੋਂ 45 ਦਿਨ ਲੱਗਦੇ ਹਨ। ਔਸਤ ਲਗਭਗ 30 ਦਿਨ ਹੈ।

ਗਰਮੀਆਂ ਵਿੱਚ ਦੇਰ ਨਾਲ ਪੈਦਾ ਹੋਣ ਵਾਲੀਆਂ ਮੋਨਾਰਕ ਪਰਵਾਸ ਕਰ ਜਾਂਦੀਆਂ ਹਨ। ਪਰਵਾਸ ਕਰਨ ਤੋਂ ਪਹਿਲਾਂ ਉਹ ਜਿਨਸੀ ਤੌਰ `ਤੇ ਬਾਲਗ਼ ਨਹੀਂ ਬਣਦੀਆਂ ਅਤੇ ਸਰਦੀਆਂ ਦੇ ਅਰਸੇ ਦੌਰਾਨ ਉਹ ਜਣਨ ਕਿਰਿਆ ਵਿੱਚ ਨਹੀਂ ਪੈਂਦੀਆਂ।

ਮੋਨਾਰਕ ਅਬਾਦੀ ਦਾ ਆਕਾਰ ਅਤੇ ਜਣਨ-ਕਿਰਿਆ ਦੀ ਕਾਮਯਾਬੀ ਤੈਅ ਕਰਨ ਵਿੱਚ ਮੁੱਖ ਤੱਤ ਮੌਸਮੀ ਹਾਲਾਤ ਹੁੰਦੇ ਹਨ। ਬਸੰਤ ਅਤੇ ਗਰਮੀਆਂ ਦੇ ਜਣਨ-ਕਿਰਿਆਵਾਂ ਵਾਲ਼ੇ ਇਲਾਕਿਆਂ ਵਿੱਚ ਠੰਢ, ਗਿੱਲਾਪਣ ਅਤੇ ਬੱਦਲਵਾਈ ਵਾਲ਼ੇ ਹਾਲਾਤ ਬਾਲਗ਼ ਤਿਤਲੀਆਂ ਨੂੰ ਫੈਲ ਜਾਣ, ਸੰਭੋਗ ਕਰਨ, ਅੰਡੇ ਦੇਣ ਅਤੇ ਭੋਜਨ ਕਰਨ ਤੋਂ ਰੋਕਦੇ ਹਨ ਕਿਉਂਕਿ ਇਨ੍ਹਾਂ ਦੇ ਸਰਗਰਮ ਰਹਿਣ ਲਈ ਨਿੱਘ ਅਤੇ ਧੁੱਪ ਵਾਲ਼ੇ ਹਾਲਾਤ ਚਾਹੀਦੇ ਹਨ। ਗਰਮ, ਖੁਸ਼ਕ ਗਰਮੀਆਂ ਜਿਸ ਵਿੱਚ ਸੋਕਾ ਪੈ ਜਾਵੇ, ਉਹ ਵੀ ਨੁਕਸਾਨਦਾਇਕ ਹੁੰਦੀਆਂ ਹਨ ਕਿਉਂਕਿ ਇਸ ਨਾਲ ਅਤੇ ਬਾਲਗ਼ਾਂ ਲਈ ਫਲਾਂ ਦੇ ਰਸ ਦੇ ਸ੍ਰੋਤਾਂ ਅਤੇ ਸੁੰਡੀਆਂ ਲਈ ਭੋਜਨ ਦੀ ਉਪਲਬਧਗੀ ਅਤੇ ਮਿਆਰ ਵਿੱਚ ਕਮੀ ਆਉਂਦੀ ਹੈ।

Back to topBack to top

Conservation

ਪ੍ਰਤਿਪਾਲਣ

ਮੈਕਸੀਕੋ ਅਤੇ ਕੈਲੀਫੋਰਨੀਆਂ ਵਿੱਚ ਸਰਦੀਆਂ ਕੱਟਣ ਵਾਲ਼ੀਆਂ ਤਿਤਲੀਆਂ ਦੀ ਗਿਣਤੀ ਦੇ ਅੰਦਾਜ਼ਿਆਂ ਦੇ ਆਧਾਰ `ਤੇ ਪੂਰਬੀ ਮੋਨਾਰਕ ਦੀ ਆਬਾਦੀ ਮੌਜੂਦਾ ਸਮੇਂ ਦੌਰਾਨ ਕਰੋੜਾਂ ਵਿੱਚ ਹੈ ਜਦੋਂ ਕਿ ਪੱਛਮੀ ਛੋਟੀ ਆਬਾਦੀ ਦਸਾਂ ਹੀ ਲੱਖਾਂ ਵਿੱਚ ਹੈ। ਇਤਿਹਾਸਕ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਰਦੀਆਂ ਦੇ ਤੂਫਾਨਾਂ ਨਾਲ ਹੋਈਆਂ ਮੌਤਾਂ ਨਾਲ, ਜਣਨ-ਕਿਰਿਆ ਲਈ ਮਾੜੇ ਹਾਲਾਤ ਹੋਣ ਕਾਰਣ, ਸ਼ਿਕਾਰੀ ਜਾਨਵਰਾਂ ਦੇ ਹੱਥ ਲੱਗਣ, ਪਰਜੀਵੀਆਂ, ਰੋਗਾਂ ਅਤੇ ਹੋਰ ਦਬਾਵਾਂ ਕਾਰਣ, ਅਤੇ ਇੱਕ-ਦੂਜੇ ਦੇ ਸੁਮੇਲ ਵਿੱਚ ਵਾਪਰਨ ਵਾਲੇ ਇਨ੍ਹਾਂ ਹਾਲਾਤ ਨਾਲ ਦੋਨਾਂ ਆਬਾਦੀਆਂ ਦੀ ਗਿਣਤੀ ਬਾਕਾਇਦਗੀ ਨਾਲ, ਅਤੇ ਅਕਸਰ ਵੱਡੀ ਪੱਧਰ `ਤੇ, ਘਟਦੀ-ਵਧਦੀ ਰਹਿੰਦੀ ਹੈ। ਪਿਛਲੇ ਸਮਿਆਂ ਵਿੱਚ ਦੋਵਾਂ ਆਬਾਦੀਆਂ ਨੇ 90 ਫੀ ਸਦੀ ਤਕ ਨੁਕਸਾਨ ਝੱਲਿਆ ਹੈ ਪਰ ਆਬਾਦੀਆਂ ਫਿਰ ਬਹਾਲ ਹੋਈਆਂ ਹਨ ਕਿਉਂਕਿ ਬਚ ਜਾਣ ਵਾਲ਼ੀਆਂ 10 ਫੀ ਸਦੀ ਨੇ ਬੜੇ ਜਣਨ ਕਿਰਿਆ ਵਾਲ਼ੇ ਇਲਾਕਿਆਂ ਵਿੱਚ ਬੜੇ ਸ਼ਾਨਦਾਰ ਹਾਲਾਤ ਦਾ ਮੂੰਹ ਵੇਖਿਆ ਹੈ।

ਭਾਵੇਂ ਕਿ ਅਬਾਦੀ ਦਾ ਵਧਣਾ-ਘਟਣਾ ਮੋਨਾਰਕ ਵਾਸਤੇ ਸਾਧਾਰਣ ਗੱਲ ਲੱਗਦੀ ਹੈ ਪਰ ਪੂਰਬੀ ਅਬਾਦੀ ਹੁਣ ਜਾਨੀ ਨੁਕਸਾਨ ਦੇ ਲਗਾਤਾਰ ਵਡੇਰੇ ਪੱਧਰ ਝੱਲ ਰਹੀ ਹੈ। ਇਸ ਨਾਲ ਅਬਾਦੀ ਦਾ ਆਕਾਰ ਕੁੱਝ ਅਜਿਹੇ ਪੱਧਰ `ਤੇ ਆਉਣ ਦੀ ਸੰਭਾਵਨਾ ਹੈ ਜਿੱਥੋਂ ਇਹ ਮੁੜ ਕੇ ਠੀਕ ਤਰ੍ਹਾਂ ਪਹਿਲੀ ਹਾਲਤ ਵਿੱਚ ਨਾ ਆ ਸਕੇ। ਮੋਨਾਰਕ ਅਬਾਦੀਆਂ ਦੇ ਪਤਨ ਦਾ ਮੁੱਖ ਕਾਰਣ ਮੈਕਸੀਕੋ ਵਿੱਚ ਇਨ੍ਹਾਂ ਦੇ ਸਰਦੀਆਂ ਕੱਟਣ ਵਾਲੇ ਮੁਕਾਮਾਂ `ਤੇ ਮਿਆਦੀ ਕੁਦਰਤੀ ਬਿਪਤਾਵਾਂ ਵਾਪਰਨਾ ਹੈ। ਸਰਦੀਆਂ ਦੇ ਤੂਫਾਨਾਂ ਦੌਰਾਨ ਕਈ ਮੁਕਾਮਾਂ `ਤੇ ਤਾਂ 30 ਤੋਂ 90 ਫੀ ਸਦੀ ਤਕ ਦਾ ਨੁਕਸਾਨ ਹੋ ਸਕਦਾ ਹੈ। ਵਸੇਬੇ ਵਿੱਚ ਮਨੁੱਖੀ ਦਖ਼ਲ ਕਾਰਣ ਤਬਦੀਲੀ, ਖਾਸ ਕਰ ਕੇ ਲੱਕੜ ਵਾਸਤੇ ਜੰਗਲਾਤ ਦੀ ਕਟਾਈ ਨਾਲ ਮੈਦਾਨ ਖੁੱਲ੍ਹਣ ਨਾਲ ਜੰਗਲ ਦਾ ਹਿਫਾਜ਼ਤੀ ਅਸਰ ਖਤਮ ਹੋ ਜਾਂਦਾ ਹੈ। ਇਸ ਨਾਲ ਸਰਦੀਆਂ ਦੇ ਤੂਫਾਨਾਂ ਦੇ ਨੁਕਸਾਨਦਾਇਕ ਅਸਰ ਵਧ ਜਾਂਦੇ ਹਨ ਅਤੇ ਸਰਦੀਆਂ ਕੱਟਣ ਲਈ ਆਈਆਂ ਮੋਨਾਰਕ ਪੰਛੀਆਂ ਅਤੇ ਥਣਧਾਰੀ ਜਾਨਵਰਾਂ ਦਾ ਸ਼ਿਕਾਰ ਬਣਨ ਦੇ ਜ਼ੋਖਮ ਥੱਲੇ ਆ ਜਾਂਦੀਆਂ ਹਨ।

ਪਹਿਲੇ ਸਮਿਆਂ ਵਿੱਚ ਅਜਿਹੀਆਂ ਬਿਪਤਾਵਾਂ ਨੂੰ ਪੂਰਬੀ ਉੱਤਰੀ ਅਮਰੀਕਾ ਵਿੱਚ ਵਸੇਬੇ ਵਿੱਚ ਵਾਧੇ ਰਾਹੀਂ ਸਾਵਾਂ ਕੀਤਾ ਜਾਂਦਾ ਰਿਹਾ ਹੈ। ਪਰ ਸਾਰੇ ਉੱਤਰੀ ਅਮਰੀਕਾ ਵਿੱਚ ਨਦੀਨ-ਨਾਸ਼ਕਾਂ ਦੀ ਵਧ ਰਹੀ ਵਰਤੋਂ ਕਾਰਣ ਵੀ ਹੋ ਸਕਦਾ ਹੈ ਕਿ ਜਣਨ ਇਲਾਕਿਆਂ ਵਿੱਚ ਸੁੰਡੀਆਂ ਦੇ ਪਲਣ ਲਈ ਲੋੜੀਂਦੇ ਪੌਦਿਆਂ ਦਾ ਅਤੇ ਬਾਲਗ਼ਾਂ ਲਈ ਫਲਾਂ ਦੇ ਰਸ ਦੇ ਸ੍ਰੋਤਾਂ ਦਾ ਖਾਤਮਾ ਹੋ ਜਾਵੇ। ਮੈਕਸੀਕੋ ਵਿੱਚ ਸਰਦੀਆਂ ਕੱਟਣ ਦੇ ਠਿਕਾਣਿਆਂ ਦੀ ਪ੍ਰਭਾਵਸ਼ਾਲੀ ਹਿਫਾਜ਼ਤ ਅਤੇ ਨਾਲੋ-ਨਾਲ ਜਣਨ ਲਈ ਲੋੜੀਂਦੇ ਇਲਾਕਿਆਂ ਅਤੇ ਕੈਨੇਡਾ ਅਤੇ ਅਮਰੀਕਾ ਵਿੱਚ ਪਰਵਾਸ ਮਾਰਗਾਂ ਦੇ ਨਾਲ-ਨਾਲ ਫਲਾਂ ਦੇ ਰਸ ਦੇ ਸ੍ਰੋਤਾਂ ਦੀ ਹਿਫਾਜ਼ਤ ਬਿਨਾ ਹੋ ਸਕਦਾ ਹੈ ਇਸ ਸਦੀ ਦੇ ਮੁੱਢ ਵਿੱਚ ਮੋਨਾਰਕ ਦੀ ਪੂਰਬੀ ਅਬਾਦੀ "ਜੜੋਂ ਪੁੱਟੀ ਜਾਵੇ"। ਜੜੋਂ ਪੁੱਟੀ ਜਾਣ ਦਾ ਮਤਲਬ ਹੈ ਕਿ ਨਸਲ ਹੋਰ ਚਿਰ ਕਿਸੇ ਖਾਸ ਜਗ੍ਹਾ ਨਾ ਲੱਭੇ ਭਾਵੇਂ ਕਿ ਹੋਰ ਥਾਵਾਂ `ਤੇ ਮੌਜੂਦ ਹੋ ਸਕਦੀ ਹੈ।

ਪੂਰਬੀ ਅਬਾਦੀ ਦੇ ਪਤਨ ਦੇ ਹੋਰ ਕਾਰਣਾਂ ਵਿੱਚ ਸ਼ਾਮਲ ਹਨ ਸਰਦੀਆਂ ਕੱਟਣ ਵਾਲੇ ਟਿਕਾਣਿਆਂ ਉੱਤੇ ਗਰੋਸਬੀਕ ਅਤੇ ਬਲੈਕ-ਬੈਕਡ ਓਰੀਓਲ ਪੰਛੀਆਂ ਵੱਲੋਂ ਸ਼ਿਕਾਰ ਕੀਤਾ ਜਾਣਾ। ਇਹ ਦੋਵੇਂ ਪੰਛੀ ਮੋਨਾਰਕ ਦੇ ਜ਼ਹਿਰੀਲੇਪਣ ਤੋਂ ਬਚਾਅ ਕਰਨਾ ਜਾਣਦੇ ਹਨ ਅਤੇ ਆਰਾਮ ਕਰਦੀਆਂ ਮੋਨਾਰਕ ਤਿਤਲੀਆਂ ਨੂੰ ਬੇਇੰਤਹਾ ਖਾਂਦੇ ਹਨ। ਕੈਲੀਫੋਨਰੀਆ ਦੇ ਤਟ ਦੇ ਨਾਲ-ਨਾਲ ਜਾਇਦਾਦਾਂ ਦੀ ਉਸਾਰੀ ਕੀਤੇ ਜਾਣ, ਸਫੈਦੇ ਦੇ ਦਰਖ਼ਤਾਂ ਨੂੰ ਖਤਮ ਕਰਨ ਦੇ ਸਰਗਰਮ ਪ੍ਰੋਗਰਾਮਾਂ ਤੋਂ, ਅਤੇ ਇੱਕ ਹਾਲੀਆ ਪਤਾ ਲਾਏ ਗਏ ਰੋਗ ਤੋਂ ਵੀ ਪੱਛਮੀ ਅਬਾਦੀ ਨੂੰ ਖ਼ਤਰਾ ਹੈ।

ਵੱਖ-ਵੱਖ ਸਾਇੰਸਦਾਨਾਂ ਨੇ ਉੱਤਰੀ ਅਮਰੀਕਾ ਵਿੱਚ ਮੋਨਾਰਕ ਦੇ ਪ੍ਰਵਾਸ ਨੂੰ ਇੱਕ ਲੁਪਤ ਹੋਣ ਦੇ ਖ਼ਤਰੇ ਵਿੱਚ ਪਿਆ ਵਾਕਿਆ ਮੰਨਿਆ ਹੈ। World Conservation Union (ਵਿਸ਼ਵ ਪ੍ਰਤਿਪਾਲਣ ਸੰਘ) ਨੇ 1983 ਵਿੱਚ ਮੈਕਸੀਕੋ ਅਤੇ ਕੈਲੀਫੋਰਨੀਆਂ, ਦੋਨਾਂ ਵਿਚਲੇ ਸ਼ਾਨਦਾਰ ਬਸੇਰਿਆਂ ਨੂੰ ਜ਼ੋਖਮ ਹੇਠ ਆਏ ਵਾਕਿਆ ਦਾ ਦਰਜਾ ਦਿੱਤਾ ਸੀ। ਅੰਤਰਾਸ਼ਟਰੀ ਪ੍ਰਤਿਪਾਲਣ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਅਜਿਹਾ ਦਰਜਾ ਦਿੱਤਾ ਗਿਆ ਸੀ। ਇਸ ਗੱਲ ਨੂੰ ਮਾਨਤਾ ਦਿੰਦਿਆਂ ਕਿ ਸਮੁੱਚੇ ਤੌਰ `ਤੇ ਨਸਲ ਨੂੰ ਲੁਪਤ ਹੋ ਜਾਣ ਦਾ ਖ਼ਤਰਾ ਪੇਸ਼ ਨਹੀਂ ਹੈ, ਨਵਾਂ ਰੁਤਬਾ ਇਸ ਤੱਥ ਨੂੰ ਮਾਨਤਾ ਦੇਣ ਲਈ ਸਿਰਜਿਆ ਗਿਆ ਸੀ ਕਿ ਉੱਤਰੀ ਅਮਰੀਕਾ ਵਿੱਚ ਹਰ ਸਾਲ ਸਰਦੀਆਂ ਕੱਟਣ ਲਈ ਪਰਵਾਸ ਕਰਨ ਵਾਲ਼ੀਆਂ ਕਰੋੜਾਂ ਹੀ ਮੋਨਾਰਕ ਬਿਪਤਾ ਵਿੱਚ ਪਈਆਂ ਹੋਈਆਂ ਹਨ।

ਮੈਕਸੀਕੋ ਨਾਲ ਅੰਤਰਾਸ਼ਟਰੀ ਸਮਝੌਤੇ ਤਹਿਤ ਅਕਤੂਬਰ 1995 ਵਿੱਚ ਦੱਖਣੀ ਓਨਟੇਰੀਓ ਵਿਚਲੇ ਪੁਆਇੰਟ ਪੀਲੀ, ਲੌਂਗ ਪੁਆਇੰਟ ਅਤੇ ਪ੍ਰਿੰਸ ਐਡਵਰਡ ਪੁਆਇੰਟ ਨੂੰ ਮੋਨਾਰਕ "ਰਿਜ਼ਰਵ" ਦਾ ਦਰਜਾ ਦਿੱਤਾ ਗਿਆ ਸੀ। ਮੋਨਾਰਕ ਅਤੇ ਇਸ ਦੇ ਵਸੇਬੇ ਸੰਬੰਧੀ ਮੌਜੂਦਾ ਸਮੇਂ ਵਿੱਚ ਕੈਨੇਡਾ ਵਿੱਚ ਹੋਰ ਥਾਵਾਂ `ਤੇ ਮਾੜੀ-ਮੋਟੀ ਸੁਰੱਖਿਆ ਹੀ ਮੌਜੂਦ ਹੈ। ਇਸ ਸਮੇਂ ਮੋਨਾਰਕ ਲਈ ਦੱਖਣੀ ਓਨਟੇਰੀਓ ਅਤੇ ਕਿਊਬੈੱਕ ਵਿੱਚ ਭਰਪੂਰ ਵਸੇਬਾ ਉਪਲਬਧ ਹੈ ਪਰ ਇਹ ਵਸੇਬਾ ਆਸਾਨੀ ਨਾਲ ਖਤਮ ਹੋ ਸਕਦਾ ਹੈ ਜੇ ਵੀਰਾਨ ਪਏ ਖੇਤਾਂ ਨੂੰ ਸਰਗਰਮੀ ਨਾਲ ਉਤਪਾਦਨ, ਅਤੇ ਰਿਹਾਇਸ਼ੀ ਕਲੋਨੀਆਂ ਲਈ ਵਰਤਿਆ ਜਾਣ ਲੱਗੇ ਜਾਂ ਇਨ੍ਹਾਂ ਵਸੇਬਿਆਂ ਨੂੰ ਦਰਖ਼ਤ ਅਤੇ ਝਾੜੀਆਂ ਢਕ ਲੈਣ। ਮਿਲਕਵੀਡ ਨੂੰ ਖਤਮ ਕਰਨ ਵਾਲ਼ੇ ਪ੍ਰੋਗਰਾਮ ਵੀ ਵਸੇਬੇ ਨੂੰ ਖਤਮ ਕਰ ਸਕਦੇ ਹਨ।

Back to topBack to top

Resources

ਸ੍ਰੋਤ

ਆਨਲਾਈਨ ਸ੍ਰੋਤ

Montreal Insectarium (ਮੌਂਟਰੀਅਲ ਦਾ ਕੀੜਿਆਂ ਦਾ ਅਜਾਇਬਘਰ)
Monarch Lab, University of Minnesota (ਮੋਨਾਰਕ ਲੈਬਾਟਰੀ, ਯੂਨੀਵਰਸਿਟਿ ਆਫ਼ ਮਿਨੀਸੋਟਾ)
Monarch Watch (ਮੋਨਾਰਕ ਵਾਚ)
Monarch Migration, (ਮੋਨਾਰਕ ਪਰਵਾਸ, ਪਾਰਕਸ ਕੈਨੇਡਾ)

ਛਪੇ ਹੋਏ ਸ੍ਰੋਤ

Crolla, J.P. (ਕ੍ਰੋਲਾ, ਜੇ.ਪੀ.), ਅਤੇ Lafontaine, J.D. (ਲਫੌਂਟੇਨ, ਜੇ.ਡੀ.) 1966. ਕੈਨੇਡਾ ਵਿੱਚ ਮੋਨਾਰਕ ਤਿਤਲੀ (Danaus plexippus) ਦੇ ਰੁਤਬੇ ਬਾਰੇ ਰਿਪੋਰਟ। Canadian Wildlife Service, Ottawa (ਜੰਗਲੀ ਜੀਵਾਂ ਬਾਰੇ ਕੈਨੇਡਾ ਦੀ ਸੇਵਾ, ਔਟਵਾ) ਕੋਲ ਦਾਇਰ ਕੀਤੀ ਗਈ।

© ਹਰ ਮੈਜਿਸਟੀ ਦ ਕੂਈਨ, ਕੈਨੇਡਾ `ਤੇ ਅਧਿਕਾਰ ਤਹਿਤ, ਵਾਤਾਵਰਨ ਮੰਤਰੀ ਵੱਲੋਂ ਨੁਮਾਇੰਦਗੀ ਹੇਠ, 2003. ਸਭ ਹੱਕ ਰਾਖਵੇਂ ਹਨ।
ਕੈਟਾਲਾਗ ਨੰਬਰ CW69-4/105-2003E-IN
ISBN 0-662-34366-2
ਪਾਠ: Paddy Muir (ਪੈਡੀ ਮੁਇਰ) ਅਤੇ Don Lafontaine(ਲਫੌਂਟੇਨ, ਡੌਨ)
ਫੋਟੋਆਂ: Henri Goulet (ਹੈਨਰੀ ਗੁਲੇ)