Landscape
Canadian Wildlife Federation LogoEnvironment and Climate Change Canada Logo
Français

Factsheet
Print version

Video & Sound
Killer Whale - Punjabi

Related Links
Killer Whale

 
Description  |   Range  |   Feeding  |   Breeding  |   Conservation  |   Resources

Description

ਵੇਰਵਾ

ਬਿਨਾ ਸ਼ੱਕ, "ਕਿੱਲਰ ਵ੍ਹੇਲ" ਜਾਂ ਦਰਿੰਦਾ ਵ੍ਹੇਲ (Orcinus orca) ਦੁਨੀਆਂ ਦੇ ਸਭ ਤੋਂ ਵੱਧ ਨਿੱਖੜਵੇਂ ਥਣਧਾਰੀ ਸਮੁੰਦਰੀ ਜਾਨਵਰਾਂ ਵਿੱਚੋਂ ਇੱਕ ਹੈ। ਇਸ ਦਾ ਆਕਾਰ - ਛੇ ਤੋਂ ਅੱਠ ਮੀਟਰ ਲੰਬੀ ਅਤੇ ਚਾਰ ਤੋਂ ਪੰਜ ਟਨ ਵਜ਼ਨਦਾਰ - ਅਤੇ ਉੱਘੜਵਾਂ ਕਾਲਾ-ਚਿੱਟਾ ਰੰਗ ਅਤੇ ਲੰਬਾ, ਗੋਲ ਸਰੀਰ ਇਸ ਨੂੰ ਵਿਲੱਖਣ ਬਣਾਉਂਦੇ ਹਨ। ਸਭ ਤੋਂ ਪਹਿਲਾਂ ਦਰਿੰਦਾ ਵ੍ਹੇਲ ਦਾ ਪਿੱਠ ਦਾ ਖੰਭੜਾ ਹੀ ਨਜ਼ਰ ਆਉਂਦਾ ਹੈ। ਪੂਰੇ ਜਵਾਨ ਹੋ ਚੁੱਕੇ ਨਰਾਂ ਵਿੱਚ ਇਹ ਖੰਭੜਾ ਸਿੱਧਾ ਉੱਪਰ ਨੂੰ, ਅਕਸਰ 1.8 ਮੀਟਰ ਦੀ ਉਚਾਈ ਤਕ, ਤਣਿਆ ਹੁੰਦਾ ਹੈ। ਮਦੀਨਾਂ ਅਤੇ ਬੱਚਾ ਵ੍ਹੇਲਾਂ ਵਿੱਚ ਇਹ ਖੰਭੜਾ ਮੁੜਿਆ ਹੋਇਆ ਅਤੇ ਇੱਕ ਮੀਟਰ ਤੋਂ ਘੱਟ ਉੱਚਾ ਹੁੰਦਾ ਹੈ। ਪਿੱਠ ਵਾਲੇ ਖੰਭੜੇ ਦੇ ਪਿੱਛੇ ਇੱਕ ਹਿੱਸਾ ਹੁੰਦਾ ਹੈ ਜਿਸ ਨੂੰ "ਸੈਡਲ ਪੈਚ" ਕਿਹਾ ਜਾਂਦਾ ਹੈ। ਪਿੱਠ ਵਾਲ਼ੇ ਖੰਭੜੇ ਅਤੇ ਸੈਡਲ ਪੈਚ ਦੀ ਸ਼ਕਲ ਦੇ ਨਾਲ-ਨਾਲ ਉਨ੍ਹਾਂ ਉਤਲੇ ਕੁਦਰਤੀ ਚੀਰੇ ਅਤੇ ਖਰੀਂਢ ਹਰ ਦਰਿੰਦਾ ਵ੍ਹੇਲ ਉੱਤੇ ਅਲੱਗ ਤਰ੍ਹਾਂ ਦੇ ਹੁੰਦੇ ਹਨ।

ਵਿਲੱਖਣ ਸੁਭਾਅ

ਡੌਲਫਿਨ ਪਰਿਵਾਰ ਦੇ ਸਭ ਤੋਂ ਵੱਡੇ ਜੀਅ ਵਜੋਂ ਦਰਿੰਦਾ ਵ੍ਹੇਲਾਂ ਬੇਹੱਦ ਸਮਾਜਿਕ ਮੇਲ-ਜੋਲ ਵਾਲ਼ੇ ਜਾਨਵਰ ਹੁੰਦੇ ਹਨ ਜੋ "ਪੌਡ" ਨਾਮ ਦੇ ਸਥਿਰ, ਪਰਿਵਾਰ-ਸੰਬੰਧਤ ਦਲਾਂ ਵਿੱਚ ਰਹਿੰਦੀਆਂ ਹਨ। ਪੌਡ ਦਾ ਅੰਤਰੀਵੀ ਢਾਂਚਾ ਵਿਗਿਆਨਕਾਂ ਨੂੰ ਸਪਸ਼ਟ ਨਹੀਂ ਹੈ ਭਾਵੇਂ ਕਿ ਅਸੀਂ ਜਾਣਦੇ ਹਾਂ ਕਿ ਇਨ੍ਹਾਂ ਵਿੱਚ ਆਮ ਤੌਰ `ਤੇ 10 ਤੋਂ 40 ਤਕ ਵ੍ਹੇਲਾਂ ਹੁੰਦੀਆਂ ਹਨ। ਪੌਡਾਂ ਕਦੇ-ਕਦਾਈਂ ਰਲ਼ ਕੇ 100 ਤੋਂ ਕਿਤੇ ਵੱਧ ਜਾਨਵਰਾਂ ਤਕ ਦੇ ਦਲ ਬਣਾਉਂਦੇ ਹਨ ਭਾਵੇਂ ਕਿ ਇਹ ਰਲੇਵਾਂ ਆਰਜ਼ੀ ਹੀ ਹੁੰਦਾ ਹੈ। ਦੋਵਾਂ ਜਿਨਸਾਂ ਦੀਆਂ ਵ੍ਹੇਲਾਂ ਅਕਸਰ ਜਿੰਦਗੀ ਭਰ ਆਪਣੇ ਮਾਪਿਆਂ ਨਾਲ ਰਹਿੰਦੀਆਂ ਹਨ।

ਇਸ਼ਾਰੇ ਅਤੇ ਆਵਾਜ਼ਾਂKiller Whales

ਸਾਹ ਲੈਣ ਵਾਲ਼ੇ ਛੇਕ ਦੇ ਬਿਲਕੁਲ ਹੇਠਾਂ ਕਰ ਕੇ ਬਣੀ ਨਥਣਿਆਂ ਦੀ ਹਵਾ ਦੀ ਭਰੀ ਇੱਕ ਖਾਸ ਥੈਲੀ ਵਿੱਚੋਂ ਦਰਿੰਦਾ ਵ੍ਹੇਲਾਂ ਇੱਕ-ਦੂਜੀ ਨਾਲ ਗੱਲ ਕਰਨ ਲਈ ਪੇਚੀਦਾ ਕਿਸਮਾਂ ਦੀਆਂ ਸੀਟੀਆਂ, ਚੀਂ-ਚੀਂ ਅਤੇ ਚੀਕਣ ਦੀਆਂ ਆਵਾਜ਼ਾਂ ਪੈਦਾ ਕਰਦੀਆਂ ਹਨ। ਆਵਾਜ਼ਾਂ ਇੱਕ ਪੌਡ ਵਿੱਚ ਵੱਖਰੀਆਂ ਅਤੇ ਦੂਜੇ ਵਿੱਚ ਵੱਖਰੀਆਂ ਹੁੰਦੀਆਂ ਹਨ ਅਤੇ ਹਰ ਦਲ਼ ਦੀ ਆਪੋ-ਆਪਣੀ ਵਿਲੱਖਣ ਉਪ-ਬੋਲੀ ਹੁੰਦੀ ਹੈ। ਦਰਿੰਦਾ ਵ੍ਹੇਲਾਂ ਆਪਣੇ ਪੌਡ ਨੂੰ ਆਪਣੀਆਂ ਵਿਲੱਖਣ ਤਰਜ਼ਾਂ ਦੇ ਆਧਾਰ `ਤੇ ਕਈ ਮੀਲ ਦੂਰੋਂ ਹੀ ਪਛਾਣ ਲੈਂਦੀਆਂ ਹਨ। ਖੋਜ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜਿੰਨ੍ਹਾ ਵੱਧ ਦੋ ਪੌਡਾਂ ਦੀਆਂ ਤਰਜ਼ਾਂ ਆਪਸ ਵਿੱਚ ਰਲ਼ਦੀਆਂ ਹੋਣਗੀਆਂ, ਉਨ੍ਹਾਂ ਹੀ ਉਨ੍ਹਾਂ ਦਾ ਆਪਸ ਵਿੱਚ ਰਿਸ਼ਤਾ ਕਰੀਬੀ ਹੋਵੇਗਾ। ਇੱਕੋ ਜਿਹੀ ਉਪ-ਬੋਲੀ ਵਾਲੇ ਵ੍ਹੇਲ-ਪੌਡਾਂ ਨੂੰ "ਕਲੈਨ" ਜਾਂ ਕਬੀਲੇ ਕਿਹਾ ਜਾਂਦਾ ਹੈ।

ਸ਼ਿਕਾਰ ਦੀ ਭਾਲ਼ ਕਰਨ ਵੇਲ਼ੇ ਦਰਿੰਦਾ ਵ੍ਹੇਲਾਂ ਬੜੀਆਂ ਆਵਾਜ਼ਾਂ ਕੱਢਦੀਆਂ ਹਨ। ਉਹ ਖਾਸ ਤਰ੍ਹਾਂ ਦੀਆਂ ਆਵਾਜ਼ਾਂ ਪੈਦਾ ਕਰਦੀਆਂ ਹਨ ਜਿਹੜੀਆਂ ਪਾਣੀ ਵਿੱਚਲੀਆਂ ਮੱਛੀਆਂ ਅਤੇ ਹੋਰਨਾਂ ਵਸਤਾਂ ਨਾਲ ਟਕਰਾਕੇ ਮੁੜਦੀਆਂ ਹਨ। "ਈਕੋ-ਲੋਕੇਸ਼ਨ" ਨਾਮਕ ਕੁਦਰਤੀ "ਸੋਨਾਰ" ਦਾ ਇਹ ਤਰੀਕਾ ਗੰਧਲੇ ਪਾਣੀਆਂ ਵਿੱਚ ਭੋਜਨ ਦੀ ਤਲਾਸ਼ ਵੇਲ਼ੇ ਲਾਹੇਵੰਦ ਰਹਿੰਦਾ ਹੈ ਜਿਸ ਨਾਲ ਵ੍ਹੇਲਾਂ ਆਪਣੇ ਆਲ਼ੇ-ਦੁਆਲ਼ੇ ਦੀ ਇੱਕ ਸਹੀ ਤਸਵੀਰ ਕਿਆਸ ਕਰ ਸਕਦੀਆਂ ਹਨ।

Back to topBack to top

Range

ਜ਼ੱਦ

ਦਰਿੰਦਾ ਵ੍ਹੇਲ ਸਰਬ ਦੁਨੀਆਂ ਦਾ ਸਾਂਝਾ ਪ੍ਰਾਣੀ ਹੈ ਕਿਉਂਕਿ ਇਹ ਦੁਨੀਆਂ ਦੇ ਸਾਰੇ ਮਹਾਂਸਾਗਰਾਂ ਵਿੱਚ ਵੇਖੀਆਂ ਗਈਆਂ ਹਨ। ਇਨ੍ਹਾਂ ਦਾ ਰੁਝਾਨ ਠੰਢੇ ਇਲਾਕਿਆਂ ਵਿੱਚ ਰਹਿਣ ਦਾ ਹੁੰਦਾ ਹੈ ਅਤੇ ਇਹ ਕੈਨੇਡਾ ਦੇ ਸਾਰੇ ਮਹਾਂਸਾਗਰਾਂ ਤੋਂ ਇਲਾਵਾ ਹਡਸਨਜ਼ ਬੇਅ ਅਤੇ ਕਦੇ-ਕਦਾਈਂ ਗਲਫ ਆਫ਼ ਸੇਂਟ ਲਾਰੈਂਸ ਵਿੱਚ ਵੀ ਵੇਖੀਆਂ ਗਈਆਂ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਉਪ-ਖਾੜੀਆਂ ਅਤੇ ਤੰਗ ਨਹਿਰਾਂ ਸਮੇਤ ਇਹ ਲਗਭਗ ਸਾਰੇ ਸਮੁੰਦਰੀ ਇਲਾਕਿਆਂ ਵਿੱਚ ਵੇਖੀਆਂ ਗਈਆਂ ਹਨ।

Distribution of the Killer Whale

ਨਕਸ਼ਾ: Tobi McIntyre (ਟੋਬੀ ਮੈਕਇਨਟਾਇਰ)

ਦਰਿੰਦਾ ਵ੍ਹੇਲਾਂ ਡੂੰਘਾਈ, ਪਾਣੀ ਦੇ ਤਾਪਮਾਨ ਜਾਂ ਖਾਰੇਪਣ ਵਰਗੀਆਂ ਬੰਦਸ਼ਾਂ ਨੂੰ ਨਹੀਂ ਮੰਨਦੀਆਂ। ਉਨ੍ਹਾਂ ਨੂੰ ਹਲਕੇ (ਕੁੱਝ ਹੀ ਮੀਟਰ ਡੂੰਘੇ) ਪਾਣੀਆਂ ਤੋਂ ਲੈ ਕੇ ਖੁੱਲ੍ਹੇ ਮਹਾਂਸਾਗਰਾਂ ਦੀਆਂ ਡੂੰਘਾਈਆਂ ਤਕ ਵੇਖਿਆ ਗਿਆ ਹੈ। ਸਥਾਨਕ ਜਾਂ "ਰੈਜ਼ੀਡੈਂਟ" ਦਰਿੰਦਾ ਵ੍ਹੇਲਾਂ ਉੱਤਰੀ ਅਤੇ ਦੱਖਣੀ, ਅਲੱਗ-ਅਲੱਗ ਭਾਈਚਾਰਿਆਂ ਵਿੱਚ ਰਹਿੰਦੀਆਂ ਹਨ। ਉੱਤਰੀ ਭਾਈਚਾਰਾ ਉੱਤਰੀ ਵੈਨਕੂਵਰ ਟਾਪੂ ਅਤੇ ਮੇਨਲੈਂਡ ਤਟ ਵੱਲ ਰਹਿੰਦਾ ਹੈ। ਕੰਢਿਉਂ ਪਰ੍ਹੇ ਰਹਿਣ ਵਾਲ਼ੀ ਜਾਂ "ਆਫਸ਼ੋਰ" ਆਬਾਦੀ ਛੋਟੀ ਹੈ ਅਤੇ ਇਸ ਬਾਰੇ ਜ਼ਿਆਦਾ ਅਧਿਐਨ ਨਹੀਂ ਹੋਇਆ। ਕੁੱਝ ਪ੍ਰਾਣੀ ਦੱਖਣ ਵੱਲ ਕੇਂਦਰੀ ਕੈਲੀਫੋਰਨੀਆਂ ਤਕ ਅਤੇ ਕੁੱਝ ਉੱਤਰ ਵੱਲ ਅਲਾਸਕਾ ਤਕ ਵੇਖੇ ਗਏ ਹਨ।

Back to topBack to top

Feeding

ਆਹਾਰ

Killer Whaleਆਪਣੀ ਦੁਨੀਆਂ-ਭਰ ਵਿੱਚ ਫੈਲੀ ਸਾਰੀ ਜ਼ੱਦ ਵਿੱਚ ਦਰਿੰਦਾ ਵ੍ਹੇਲਾਂ ਅਨੇਕ ਕਿਸਮ ਦਾ ਸ਼ਿਕਾਰ ਖਾਂਦੀਆਂ ਹਨ ਜਿਸ ਵਿੱਚ ਸਕੁਇੱਡ, ਮੱਛੀ, ਸਮੁੰਦਰੀ ਕੱਛੂ-ਕੁੰਮੇ, ਸਮੁੰਦਰੀ ਪੰਛੀ, ਸਮੁੰਦਰੀ ਅਤੇ ਦਰਿਆਈ ਊਦ-ਬਿਲਾਵ, ਸੀ-ਲਾਇਨ, ਪੈਂਗੁਇਨ, ਡੌਲਫਿਨ ਅਤੇ ਬਲੂ ਵ੍ਹੇਲ ਵਰਗੇ ਹੋਰ ਵੱਡੇ ਸੀਟੇਸ਼ੀਅਨ ਸ਼ਾਮਲ ਹਨ। ਪਰ ਉੱਤਰੀ ਅਤੇ ਦੱਖਣੀ ਸਥਾਨਕ ਦਰਿੰਦਾ ਵ੍ਹੇਲਾਂ ਮੁੱਖ ਤੌਰ `ਤੇ ਮੱਛੀ ਖਾਂਦੀਆਂ ਹਨ। ਕੰਢਿਉਂ ਪਰ੍ਹੇ ਰਹਿਣ ਵਾਲ਼ੀ ਆਬਾਦੀ ਬਾਰੇ ਪਤਾ ਨਹੀਂ ਕਿ ਕਿਸ ਕਿਸਮ ਦੇ ਸ਼ਿਕਾਰ ਨੂੰ ਤਰਜੀਹ ਦਿੰਦੀ ਹੈ ਪਰ ਸੰਭਾਵਨਾ ਮੱਛੀਆਂ ਦੀ ਹੀ ਹੈ। ਟਰਾਂਜ਼ੀਐਂਟ ਜਾਂ ਕੰਢੇ ਦਾ ਗੇੜਾ ਮਾਰਨ ਵਾਲ਼ੀਆਂ ਦਰਿੰਦਾ ਵ੍ਹੇਲਾਂ ਮੁੱਖ ਤੌਰ `ਤੇ ਹੋਰ ਸਮੁੰਦਰੀ ਥਣਧਾਰੀ ਜੀਵਾਂ ਦਾ ਸ਼ਿਕਾਰ ਕਰਨ ਨੂੰ ਤਰਜੀਹ ਦਿੰਦੀਆਂ ਹਨ। ਪਰ ਕਿਉਂਕਿ ਉਹ ਅਕਸਰ ਜਵਾਰ ਭਾਟੇ ਵੇਲ਼ੇ ਦੋ ਪ੍ਰਵਾਹਾਂ ਦਰਮਿਆਨ ਦੇ ਇਲਾਕਿਆਂ ਵਿੱਚ ਸ਼ਿਕਾਰ ਕਰਨਾ ਪਸੰਦ ਕਰਦੀਆਂ ਅਤੇ ਪੰਜ ਮੀਟਰ ਤੋਂ ਘੱਟ ਡੂੰਘੇ ਪਾਣੀ ਵਿੱਚ ਸਮਾਂ ਬਿਤਾਉਣ ਦਾ ਰੁਝਾਨ ਰੱਖਦੀਆਂ ਹਨ, ਟਰਾਂਜ਼ੀਐਂਟ ਵ੍ਹੇਲਾਂ ਬਾਰੇ ਪਤਾ ਹੈ ਕਿ ਇਹ ਕਦੇ-ਕਦਾਈਂ ਹਿਰਨ, ਮੂਜ਼ ਅਤੇ ਸੂਰ ਵਰਗੇ ਜਾਨਵਰ ਵੀ ਖਾਂਦੀਆਂ ਹਨ।

ਪਿੱਛੇ ਜਿਹੇ ਕੈਨੇਡਾ ਦੇ ਪੱਛਮੀ ਕੰਢੇ ਉਤਲੇ ਅਧਿਐਨ ਕਰਤਾ ਚਿਨੂਕ ਸਾਮਨ ਮੱਛੀਆਂ ਦੀਆਂ ਆਬਾਦੀਆਂ ਅਤੇ ਸਥਾਨਕ ਦਰਿੰਦਾ ਵ੍ਹੇਲਾਂ ਦੀ ਮਰਨ-ਦਰ ਵਿਚਾਲੇ ਸੰਬੰਧ ਬਾਰੇ ਖੋਜ ਕਰਦੇ ਰਹੇ ਹਨ। ਜਿਨ੍ਹਾਂ ਸਾਲਾਂ ਵਿੱਚ ਸਾਮਨ ਦੀ ਉਪਲਬਧਗੀ ਚੰਗੀ ਸੀ, ਵ੍ਹੇਲਾਂ ਦੀਆਂ ਆਬਾਦੀਆਂ ਵਿੱਚ ਮੌਤ ਨਾਲੋਂ ਜਨਮ ਦਰ ਵਧੇਰੇ ਸੀ। ਸਾਮਨ ਦੀ ਗਿਣਤੀ ਘਟ ਹੋਣ ਵਾਲ਼ੇ ਸਾਲਾਂ ਵਿੱਚ ਇਸ ਤੋਂ ਉਲਟ ਹੁੰਦਾ ਸੀ। ਇਹੋ ਹੀ ਤਰਤੀਬ ਕਿਸੇ ਲੰਬੇ ਅਰਸੇ ਦੌਰਾਨ ਟਰਾਂਜ਼ੀਐਂਟ (ਥਣਧਾਰੀ ਜੀਵ ਖਾਣ ਵਾਲ਼ੀਆਂ) ਵ੍ਹੇਲਾਂ ਵਿੱਚ ਜ਼ਾਹਰ ਹੁੰਦੀ ਸੀ। ਇਸ ਅਧਿਐਨ ਤੋਂ ਕੁਦਰਤ ਵਿੱਚ ਭੋਜਨ ਦੇ ਅਸੰਤੁਲਤ ਤਾਣੇ ਦੇ ਵਿਨਾਸ਼ਕਾਰੀ ਨਤੀਜਿਆਂ ਦਾ, ਅਤੇ ਕੈਨੇਡਾ ਦੀਆਂ ਵਿਭਿੰਨਤਾ-ਭਰਪੂਰ ਸਮੁੰਦਰੀ ਜੀਵ-ਕਿਸਮਾਂ ਦੀ ਇੱਕ-ਦੂਜੇ ਉੱਤੇ ਨਿਰਭਰਤਾ ਦਾ ਪਤਾ ਲੱਗਦਾ ਸੀ।

Back to topBack to top

Breeding

ਜਣਨ-ਕਿਰਿਆ

ਲਗਭਗ 15 ਕੁ ਸਾਲ ਦੀ ਉਮਰ ਹੋਣ ਤਕ ਮਦੀਨਾਂ ਆਪਣੇ ਪਹਿਲੇ ਬੱਚੇ ਨੂੰ ਜਨਮ ਨਹੀਂ ਦਿੰਦੀਆਂ ਅਤੇ ਔਸਤਨ ਉਹ ਪੰਜ ਸਾਲਾਂ ਵਿੱਚ ਇੱਕ ਹੀ ਸੂਆ ਦਿੰਦੀਆਂ ਹਨ। ਭਾਵੇਂ ਕਿ ਕੁਦਰਤ ਵਿੱਚ ਹੋਰ ਕੋਈ ਜਾਨਵਰ ਭੋਜਨ ਲਈ ਵ੍ਹੇਲਾਂ ਦਾ ਸ਼ਿਕਾਰ ਨਹੀਂ ਕਰਦਾ, ਬਾਲ ਅਵਸਥਾ ਵਿੱਚ ਬੱਚਿਆਂ ਨੂੰ ਫਿਰ ਵੀ ਜ਼ੋਖਮ ਪੇਸ਼ ਹੁੰਦਾ ਹੈ। ਇਹ ਅੰਦਾਜ਼ਾ ਲਾਉਣਾ ਔਖਾ ਹੈ ਕਿ ਕਿੰਨ੍ਹੇ ਬੱਚੇ ਗਰਭ ਦੌਰਾਨ ਅਤੇ ਕਿੰਨ੍ਹੇ ਜਨਮ ਦੇ ਕੁੱਝ ਮਹੀਨਿਆਂ ਦੇ ਅੰਦਰ-ਅੰਦਰ ਮਰ ਜਾਂਦੇ ਹਨ; ਇੱਕ ਮੋਟੇ ਅੰਦਾਜ਼ੇ ਮੁਤਾਬਕ ਅੱਧੇ ਬਾਲਗ਼ ਅਵਸਥਾ ਵਿੱਚ ਨਹੀਂ ਪਹੁੰਚਦੇ। ਜਿਹੜੇ ਆਪਣੀ ਜ਼ਿੰਦਗੀ ਦੇ ਪਹਿਲੇ ਛੇ ਮਹੀਨੇ ਕੱਟ ਜਾਣ, ਉਹ ਆਮ ਤੌਰ `ਤੇ 30 ਸਾਲ (ਨਰਾਂ ਲਈ) ਅਤੇ 50 ਸਾਲ (ਮਦੀਨਾਂ ਲਈ) ਦਰਮਿਆਨ ਉਮਰ ਭੋਗਦੇ ਹਨ। ਇਨ੍ਹਾਂ ਤੱਤਾਂ ਨੂੰ ਮਿਲਾ ਕੇ ਵੇਖਣ `ਤੇ ਪਤਾ ਲੱਗਦਾ ਹੈ ਕਿ ਦਰਿੰਦਾ ਵ੍ਹੇਲਾਂ ਦੀਆਂ ਆਬਾਦੀਆਂ ਵਿੱਚ ਵਾਧੇ ਦੀ ਦਰ ਬੇਹੱਦ ਘੱਟ ਹੋਣ ਦਾ ਰੁਝਾਨ ਹੈ ਜਿਸ ਨਾਲ ਕੋਈ ਵੀ ਅਜਿਹਾ ਤੱਤ ਜੋ ਮੌਤ ਦੀ ਦਰ ਨੂੰ ਬੜਾ ਥੋੜਾ ਜਿਹਾ ਵੀ ਵਧਾਵੇ, ਆਬਾਦੀ ਲਈ ਬੜਾ ਗੰਭੀਰ ਖ਼ਤਰਾ ਬਣ ਜਾਂਦਾ ਹੈ।

Back to topBack to top

Conservation

ਪ੍ਰਤਿਪਾਲਣ

Persistent organic pollutants (POPs) [ਚਿਰਜੀਵੀ ਆਰਗੇਨਿਕ ਪਲੀਤਕਾਰਕ (ਪੀ.ਓ.ਪੀ.)] ਅਜਿਹੇ ਜ਼ਹਿਰੀਲੇ ਰਸਾਇਣ ਹਨ ਜਿਹੜੇ ਦੁਨੀਆਂ ਭਰ ਵਿਚਲੇ ਪਰਿਆਵਰਨਕ ਮਾਹੌਲਾਂ ਵਿੱਚ ਰਸ ਜਾਂਦੇ ਹਨ ਅਤੇ ਭੋਜਨ ਦੇ ਤਾਣੇ ਦੇ ਹਰ ਪੱਧਰ ਦੀਆਂ ਜਿਣਸਾਂ ਨੂੰ ਪ੍ਰਭਾਵਿਤ ਕਰਦੇ ਹਨ। ਸਹੀ ਸੰਦਰਭ ਵਿੱਚ ਵੇਖਿਆਂ ਬ੍ਰਿਟਿਸ਼ ਕੋਲੰਬੀਆ ਦੇ ਕੰਢੇ ਤੋਂ ਪਰ੍ਹੇ ਰਹਿੰਦੀਆਂ ਜਾਂ "ਟਰਾਂਜ਼ੀਐਂਟ" ਦਰਿੰਦਾ ਵ੍ਹੇਲਾਂ ਹੁਣ ਤਕ ਦੁਨੀਆਂ ਭਰ ਵਿੱਚ ਕਿਤੇ ਵੀ ਜਾਂਚੇ ਗਏ ਥਣਧਾਰੀ ਸਮੁੰਦਰੀ ਜਾਨਵਰਾਂ ਵਿੱਚੋਂ ਪੀ.ਓ.ਪੀ. ਨਾਲ ਸਭ ਤੋਂ ਵੱਧ ਪਲੀਤ ਵੇਖੀਆਂ ਗਈਆਂ ਹਨ ਅਤੇ ਸਥਾਨਕ ਜਾਂ "ਰੈਜ਼ੀਡੈਂਟ" ਦਰਿੰਦਾ ਵ੍ਹੇਲਾਂ ਇਨ੍ਹਾਂ ਵਿੱਚੋਂ ਕੋਈ ਜ਼ਿਆਦਾ ਪਿੱਛੇ ਨਹੀਂ ਹਨ। ਅਧਿਐਨ ਕਰਤਾਵਾਂ ਨੂੰ ਹਾਲੇ ਤਕ ਦਰਿੰਦਾ ਵ੍ਹੇਲਾਂ ਉੱਤੇ ਇਸਦੇ ਅਸਰਾਂ ਬਾਰੇ ਪੱਕੇ ਤੌਰ `ਤੇ ਪਤਾ ਨਹੀਂ ਹੈ ਪਰ ਹੋਰ ਥਾਵਾਂ ਵਿਖੇ ਕੀਤੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸਮਾਨ ਪੱਧਰ ਦੇ ਜ਼ਹਿਰੀਲੇਪਣ ਪ੍ਰਤੀ ਨਸ਼ਰ ਹੋਈਆਂ ਸੀਲਾਂ ਨੂੰ ਰੋਗ ਅਤੇ ਜਣਨ-ਵਿਗਾੜ ਹੋਣ ਦਾ ਖ਼ਤਰਾ ਵਧੇਰੇ ਰਹਿੰਦਾ ਹੈ।

ਭੋਜਨ ਦੀ ਉਪਲਬਧਗੀ ਅਤੇ ਅਹਿਮੀਅਤ ਵੀ ਦਰਿੰਦਾ ਵ੍ਹੇਲਾਂ ਸੰਬੰਧੀ ਇੱਕ ਸਰੋਕਾਰ ਹੈ। ਪਾਣੀ ਦੀ ਪਲੀਤਤਾ ਉਨ੍ਹਾਂ ਜੀਵ-ਕਿਸਮਾਂ ਦਾ ਮਿਆਰ ਗਿਰਾਂਦੀ ਹੈ ਜਿਨ੍ਹਾਂ ਨੂੰ ਵ੍ਹੇਲਾਂ ਖਾਂਦੀਆਂ ਹਨ ਜਦੋਂ ਕਿ ਖੇਡ ਅਤੇ ਵਪਾਰਕ ਮੱਛੀ ਉਦਯੋਗ ਨੇ ਸਾਮਨ ਮੱਛੀਆਂ ਦਾ ਸਟਾਕ ਪੇਤਲਾ ਕਰ ਦਿੱਤਾ ਹੈ ਜੋ ਦਰਿੰਦਾ ਵ੍ਹੇਲਾਂ ਦੀ ਖ਼ੁਰਾਕ ਲਈ ਬੜਾ ਜ਼ਰੂਰੀ ਹੈ। ਨਾਲ ਹੀ, ਵ੍ਹੇਲਾਂ ਦੇ ਵਸੇਬੇ ਵਾਲ਼ੇ ਖੇਤਰਾਂ ਦਾ ਸ਼ਹਿਰੀ ਇਲਾਕਿਆਂ ਦੇ ਨਜ਼ਦੀਕ ਹੋਣਾ ਦਾ ਸਬੱਬ ਹੈ ਕਿ ਇਨ੍ਹਾਂ ਦੀਆਂ ਕਿਸ਼ਤੀਆਂ ਨਾਲ ਟੱਕਰਾਂ ਦੀ, ਅਤੇ ਤੇਲ ਡੁੱਲ ਜਾਣ ਦੀਆਂ ਘਟਨਾਵਾਂ ਦੀ ਗਿਣਤੀ ਕਾਫੀ ਜ਼ਿਆਦਾ ਹੋਣ ਲੱਗੀ ਹੈ। ਇਹ ਵੀ ਹੋ ਸਕਦਾ ਹੈ ਕਿ ਵਧ-ਫੁੱਲ ਰਹੇ ਵ੍ਹੇਲਾਂ-ਵੇਖਣ ਵਾਲ਼ੇ ਉਦਯੋਗ ਦਾ ਵੀ ਮਾੜਾ ਅਸਰ ਪੈ ਰਿਹਾ ਹੋਵੇ। ਕਿਉਂਕਿ ਵ੍ਹੇਲਾਂ ਇੱਕ-ਦੂਜੀ ਨਾਲ ਗੱਲਬਾਤ ਕਰਨ ਲਈ ਅਤੇ ਸ਼ਿਕਾਰ ਲੱਭਣ ਲਈ ਆਵਾਜ਼ਾਂ ਦੀ ਬੜੀ ਸਹੀ-ਸਹੀ ਖੇਪ ਵਰਤਦੀਆਂ ਹਨ, ਵ੍ਹੇਲਾਂ ਵੇਖਣ ਵਾਲੀਆਂ ਕਿਸ਼ਤੀਆਂ ਤੋਂ ਉੱਠ ਰਹੀ ਆਵਾਜ਼ ਦੀ ਪਲੀਤਤਾ ਦਾ ਹੋ ਸਕਦਾ ਹੈ ਇਨ੍ਹਾਂ ਦੀ ਸਿਹਤ ਉੱਤੇ ਨਿੱਗਰ ਅਸਰ ਪੈਂਦਾ ਹੋਵੇ।

ਕੀ ਕੀਤਾ ਜਾ ਰਿਹਾ ਹੈ

ਬ੍ਰਿਟਿਸ਼ ਕੋਲੰਬੀਆ ਦੇ ਪਾਣੀਆਂ ਵਿੱਚ ਦਰਿੰਦਾ ਵ੍ਹੇਲਾਂ ਦੀਆਂ ਆਬਾਦੀਆਂ ਦੀ ਸੁਰੱਖਿਆ ਲਈ ਵਿਧਾਨ ਪਹਿਲੀ ਵਾਰੀ 1970 ਵਿੱਚ British Columbia’s Wildlife Act (ਜੰਗਲੀ ਜੀਵਾਂ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਕਾਨੂੰਨ) ਤਹਿਤ ਲਿਆਂਦਾ ਗਿਆ ਸੀ। ਸੰਨ 1982 ਵਿੱਚ ਵ੍ਹੇਲਾਂ ਨੂੰ Fisheries Act of Canada (ਕਨੇਡਾ ਦੇ ਮੱਛੀਆਂ ਫੜ੍ਹਨ ਬਾਰੇ ਕਾਨੂੰਨ) ਦੇ ਨਿਯਮਾਂ ਤਹਿਤ ਲਿਆਂਦਾ ਗਿਆ ਸੀ। ਇਨ੍ਹਾਂ ਨਿਯਮਾਂ ਤਹਿਤ ਐਬੁਰਿਜਨਲ ਸ਼ਿਕਾਰ ਤੋਂ ਇਲਾਵਾ ਬਿਨਾ ਲਸੰਸ ਤੋਂ ਸ਼ਿਕਾਰ ਕਰਨ ਦੀ ਮਨਾਹੀ ਹੈ। ਇਸ ਵੇਲ਼ੇ ਕੋਈ ਵੀ ਲਸੰਸ ਜਾਰੀ ਨਹੀਂ ਕੀਤਾ ਗਿਆ ਹੈ। ਕਿਸ਼ਤੀਆਂ ਅਤੇ ਵ੍ਹੇਲਾਂ ਦਰਮਿਆਨ ਮਾੜੇ ਵਾਹ ਨੂੰ ਰੋਕਣ ਲਈ ਵ੍ਹੇਲਾਂ ਵੇਖਣ ਬਾਰੇ ਸੇਧਾਂ ਵੀ ਜਾਰੀ ਕੀਤੀਆਂ ਗਈਆਂ ਹਨ।

Fisheries and Oceans Canada (ਮੱਛੀਆਂ ਫੜ੍ਹਨ ਅਤੇ ਮਹਾਂਸਾਗਰਾਂ ਬਾਰੇ ਕਨੇਡਾ ਦਾ ਮਹਿਕਮਾ) ਉੱਤਰਪੂਰਬੀ ਪ੍ਰਸ਼ਾਂਤ ਦੇ ਪਾਣੀਆਂ ਵਿੱਚ ਸਥਾਨਕ ਦੱਖਣੀ ਦਰਿੰਦਾ ਵ੍ਹੇਲਾਂ ਦੀ ਬਹਾਲੀ ਲਈ ਇੱਕ ਨੀਤੀ ਵਿਕਸਤ ਕਰ ਰਿਹਾ ਹੈ। ਬਹਾਲੀ ਦੀ ਵਿਉਂਤਬੰਦੀ ਇੱਕ ਦੋ-ਪੜਾਵੀ ਕਾਰਵਾਈ ਹੈ। ਪਹਿਲਾ ਹਿੱਸਾ ਇੱਕ ਅਜਿਹੀ ਨੀਤੀ ਵਿਕਸਤ ਕਰਨ ਬਾਰੇ ਹੈ ਜਿਹੜਾ ਬਹਾਲੀ ਦੇ ਟੀਚਿਆਂ ਅਤੇ ਮੋਟੇ ਰਾਹਾਂ ਦੀ ਸ਼ਨਾਖਤ ਕਰਦਾ ਹੈ ਜਿਹੜੇ ਵ੍ਹੇਲਾਂ ਦੇ ਫੌਰੀ ਬਚਾਉ ਨੂੰ ਸੰਬੋਧਤ ਹੁੰਦੇ ਹਨ। ਦੂਜਾ ਹਿੱਸਾ ਇੱਕ ਅਜਿਹੀ ਕਾਰਵਾਈ ਯੋਜਨਾ ਵਿਕਸਤ ਕਰਨ ਬਾਰੇ ਹੈ ਜਿਹੜੀ ਅਜਿਹੇ ਅਸਰਦਾਰ ਪ੍ਰੋਗਰਾਮਾਂ ਅਤੇ ਨੀਤੀਆਂ ਦੀ ਰੂਪ-ਰੇਖਾ ਤਿਆਰ ਕਰੇ ਜੋ ਸਥਾਨਕ ਦੱਖਣੀ ਦਰਿੰਦਾ ਵ੍ਹੇਲਾਂ ਦੀ ਆਬਾਦੀ ਦੀ ਹਿਫਾਜ਼ਤ ਅਤੇ ਉਨ੍ਹਾਂ ਦੀ ਬਹਾਲੀ ਕਰਨ।

ਟਰਾਂਜ਼ੀਐਂਟ ਦਰਿੰਦਾ ਵ੍ਹੇਲਾਂ ਲਈ SARA (ਸਾਰਾ) ਤਹਿਤ ਬਹਾਲੀ ਦੀ ਇੱਕ ਨੀਤੀ `ਤੇ ਗ਼ੌਰ ਕੀਤਾ ਜਾ ਰਿਹਾ ਹੈ। ਨੀਤੀ ਦੇ ਲੰਮੇ-ਸਮੇਂ ਦੇ ਉਦੇਸ਼ਾਂ ਨਾਲ ਹੇਠ ਲਿਖਿਆਂ ਦੀ ਇੱਕ ਚੰਗੇਰੀ ਸਮਝ ਵੀ ਸ਼ਾਮਲ ਹੋਵੇਗੀ:

  • ਪਲੀਤਕਾਰੀ ਤੱਤਾਂ ਦਾ ਅਸਰ;
  • ਆਬਾਦੀ ਦੀ ਜਿਉਣਯੋਗਤਾ ਦਾ ਅੰਦਾਜ਼ਾ ਲਾਉਣ ਲਈ ਵ੍ਹੇਲਾਂ ਦੀ ਜਣਨ ਕਿਰਿਆ;
  • ਸਾਲ ਦੇ ਹਰ ਸਮੇਂ ਵ੍ਹੇਲਾਂ ਦੀ ਖ਼ੁਰਾਕ ਅਤੇ ਇਨ੍ਹਾਂ ਦੀ ਭੂਗੋਲਿਕ ਸਥਿਤੀ।

ਤੁਸੀਂ ਕੀ ਕਰ ਸਕਦੇ ਹੋ?

ਦਰਿੰਦਾ ਵ੍ਹੇਲਾਂ ਨੂੰ ਜੋ ਹਿਫਾਜ਼ਤ ਚਾਹੀਦੀ ਹੈ, ਉਹ ਤਦ ਹੀ ਮਿਲੇਗੀ ਜੇਕਰ ਸਾਰੇ ਕਨੇਡਾ ਵਾਸੀ ਖ਼ਤਰੇ ਘਟਾਉਣ ਲਈ ਮਿਲ ਕੇ ਯਤਨ ਕਰਨ। ਦਰਿੰਦਾ ਵ੍ਹੇਲਾਂ ਬਾਰੇ ਵਧੇਰੇ ਜਾਣਕਾਰੀ ਪਾਉ ਅਤੇ ਦਰਿੰਦਾ ਵ੍ਹੇਲਾਂ ਨੂੰ ਮਨੁੱਖ ਤੋਂ ਉਪਜੇ ਖ਼ਤਰਿਆਂ - ਜਿਵੇਂ ਮੱਛੀਆਂ ਫੜ੍ਹਨ ਵਾਲ਼ੇ ਜਾਲਾਂ ਵਿੱਚ ਫਸਣਾਂ, ਸ਼ੋਰ ਰਾਹੀਂ ਅਤੇ ਪਾਣੀ ਵਿੱਚ ਪਲੀਤਤਾ, ਅਤੇ ਕਿਸ਼ਤੀਆਂ ਨਾਲ ਟੱਕਰਾਂ - ਬਾਰੇ ਸੁਚੇਤ ਰਹੋ। ਜਦੋਂ ਵੀ ਹੋ ਸਕੇ, ਇਨ੍ਹਾਂ ਖ਼ਤਰਿਆਂ ਨੂੰ ਘਟਾਉਣ ਲਈ ਆਪਣੇ ਵੱਲੋਂ ਵੱਧ ਤੋਂ ਵੱਧ ਯਤਨ ਕਰੋ ਤਾਂ ਕਿ ਵ੍ਹੇਲਾਂ ਦਾ ਬੇਹੱਦ ਜ਼ਰੂਰੀ ਵਸੋਂ ਵਾਲ਼ਾ ਇਲਾਕਾ ਵਧੇਰੇ ਮਹਿਫੂਜ਼ ਕੀਤਾ ਜਾ ਸਕੇ।

ਜਾਂ B.C. Cetacean Sightings Network (ਬੀ.ਸੀ. ਵਿੱਚ ਥਣਧਾਰੀ ਜਲ-ਜੀਵਾਂ ਦੀ ਦੇਖ-ਭਾਲ ਦੇ ਪ੍ਰੋਗਰਾਮ) ਵਰਗੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਵੋ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਸੇਬਿਆਂ ਦੀ ਸ਼ਨਾਖਤ ਕਰਨਾ ਅਤੇ ਵ੍ਹੇਲਾਂ ਨੂੰ ਪੇਸ਼ ਖ਼ਤਰੇ ਘਟਾਉਣਾ ਹੈ। ਇਹ ਪ੍ਰੋਗਰਾਮ ਬ੍ਰਿਟਿਸ਼ ਕੋਲੰਬੀਆ ਦੇ ਤਟਾਂ ਦੇ ਨਾਲ-ਨਾਲ ਸਮੁੰਦਰੀ ਯਾਤਰੀਆਂ ਵੱਲੋਂ ਸੀਟੇਸ਼ੀਅਨ ਜਾਨਵਰਾਂ ਦੇ ਨਜ਼ਰ ਆਉਣ ਦੀਆਂ ਰਿਪੋਰਟਾਂ ਦੇ ਇੱਕ ਵੱਡੇ ਅੰਕੜਾ-ਆਧਾਰ ਨੂੰ ਵੀ ਸੰਭਾਲਦਾ ਹੈ। ਵਧੇਰੇ ਜਾਣਕਾਰੀ ਹਾਸਲ ਕਰੋ »

Back to topBack to top

Resources

ਸ੍ਰੋਤ

ਜ਼ੋਖਮ ਹੇਠ ਪਾਣੀ ਵਾਲ਼ੀਆਂ ਨਸਲਾਂ, Department of Fisheries and Oceans Canada (ਮੱਛੀਆਂ ਅਤੇ ਮਹਾਂਸਾਗਰਾਂ ਬਾਰੇ ਕਨੇਡਾ ਦਾ ਮਹਿਕਮਾ)
www.dfo-mpo.gc.ca/species-especes/home_e.asp

SARA Registry (ਸਾਰਾ ਰਜਿਸਟਰੀ)
www.sararegistry.gc.ca/

Habitat Stewardship Program for Species at Risk (HSP) [ਜ਼ੋਖਮ ਹੇਠ ਆਈਆਂ ਨਸਲਾਂ ਲਈ ਵਸੇਬੇ ਵਿੱਚ ਅਗਵਾਈ ਦਾ ਪ੍ਰੋਗਰਾਮ (ਐੱਚ.ਐੱਸ.ਪੀ.)]
http://www.ec.gc.ca/hsp-pih/default.asp?lang=En&n=59BF488F-1

The B.C. Cetacean Sightings Network (ਬੀ.ਸੀ. ਵਿੱਚ ਸੀਟੇਸ਼ੀਅਨ ਜਾਨਵਰਾਂ ਦੇ ਨਜ਼ਰ ਆਉਣ ਬਾਰੇ ਨੈੱਟਵਰਕ)
http://www.wildwhales.org/

© ਵਾਤਾਵਰਨ ਮੰਤਰੀ ਵੱਲੋਂ ਹਰ ਮੈਜਿਸਟੀ ਦ ਕੂਈਨ ਦੀ ਨੁਮਾਇੰਦਗੀ ਹੇਠ, ਕਨੇਡਾ `ਤੇ ਅਧਿਕਾਰ ਤਹਿਤ, 2004, 2007, 2010. ਸਭ ਹੱਕ ਰਾਖਵੇਂ ਹਨ।

ਪਾਠ:

Department of Fisheries and Oceans Canada (ਮੱਛੀਆਂ ਅਤੇ ਮਹਾਂਸਾਗਰਾਂ ਬਾਰੇ ਕੈਨੇਡਾ ਦਾ ਮਹਿਕਮਾ) ਜਿਸ ਵਿੱਚ ਪਿਛੋਕੜ ਦੀ ਜਾਣਕਾਰੀ Environment Canada (ਕੈਨੇਡਾ ਦੇ ਵਾਤਾਵਰਨ ਮਹਿਕਮੇ) ਵੱਲੋਂ ਮਾਰਚ 2004 ਵਿੱਚ ਪ੍ਰਦਾਨ ਕੀਤੀ ਗਈ।

ਸੋਧ: Tobi McIntyre (ਟੋਬੀ ਮੈਕਿਨਟਾਇਰ), 2007; Dr. Lance Barrett-Lennard (ਡਾ. ਲਾਂਸ ਬੈਰੈੱਟ-ਲੈੱਨਾਰਡ), 2010.

ਫੋਟੋਆਂ: Graeme Ellis (ਗ੍ਰਾਇਮ ਐਲਿਸ)